ਪੇਂਟ ਦਾ ਕੰਮ ਕਰਦੇ ਸਮੇਂ ਡਿੱਗ ਕੇ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

Thursday, Aug 22, 2024 - 12:00 PM (IST)

ਅਬੋਹਰ (ਸੁਨੀਲ) : ਪੇਂਟਰ ਅਤੇ ਤਿੰਨ ਬੱਚਿਆਂ ਦਾ ਪਿਤਾ ਇਕ ਵਿਅਕਤੀ ਦੇ ਘਰ ਪੇਂਟ ਦਾ ਕੰਮ ਕਰਦੇ ਸਮੇਂ ਕਥਿਤ ਤੌਰ ’ਤੇ ਉਚਾਈ ਤੋਂ ਡਿੱਗ ਕੇ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਮਕਾਨ ਮਾਲਕ ਅਤੇ ਠੇਕੇਦਾਰ ’ਤੇ ਉਸ ਦੇ ਭਰਾ ਦਾ ਕਤਲ ਕਰਨ ਦਾ ਕਥਿਤ ਦੋਸ਼ ਲਾਇਆ ਹੈ। ਜਾਣਕਾਰੀ ਅਨੁਸਾਰ ਨਵੀਂ ਆਬਾਦੀ ਵਾਸੀ ਵਿਨੋਦ (50) ਪੁੱਤਰ ਭਾਨੀਰਾਮ ਦੇ ਭਰਾ ਸੰਜੈ ਨੇ ਦੱਸਿਆ ਕਿ ਵਿਨੋਦ ਕੁਮਾਰ ਪੇਂਟਰ ਦਾ ਕੰਮ ਕਰਦਾ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਉਸ ਦੇ ਭਰਾ ਨੇ ਇਕ ਠੇਕੇਦਾਰ ਰਾਹੀਂ ਇਕ ਵਿਅਕਤੀ ਦੇ ਘਰ ’ਚ ਕਰੀਬ ਇਕ ਮਹੀਨੇ ਤੱਕ ਕੰਮ ਕੀਤਾ ਸੀ।

ਚਾਰ ਦਿਨ ਪਹਿਲਾਂ ਉਸ ਦਾ ਭਰਾ ਉਕਤ ਠੇਕੇਦਾਰ ਕੋਲ ਆਪਣੀ ਮਿਹਨਤ ਦੇ ਪੈਸੇ ਲੈਣ ਗਿਆ ਸੀ। ਜਿੱਥੇ ਉਸ ਨਾਲ ਕਥਿਤ ਤੌਰ ’ਤੇ ਹੱਥੋਪਾਈ ਹੋ ਗਈ। ਸੰਜੇ ਨੇ ਦੱਸਿਆ ਕਿ ਠੇਕੇਦਾਰ ਨੇ ਉਸ ਨੂੰ ਸੂਚਿਤ ਕੀਤਾ ਕਿ ਉਸ ਦਾ ਭਰਾ ਉੱਚਾਈ ’ਤੇ ਕੰਮ ਕਰਦੇ ਸਮੇਂ ਪੌੜੀਆਂ ਤੋਂ ਡਿੱਗ ਕੇ ਜ਼ਖਮੀ ਹੋ ਗਿਆ, ਜਿਸ ’ਤੇ ਉਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ, ਜਿਸ ਨੂੰ ਉਹ ਏਮਜ਼, ਬਠਿੰਡਾ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ। ਮਕਾਨ ਮਾਲਕ ਅਤੇ ਠੇਕੇਦਾਰ ’ਤੇ ਉਸ ਦੇ ਭਰਾ ਨੂੰ ਜਾਣ-ਬੁੱਝ ਕੇ ਉੱਚਾਈ ਤੋਂ ਧੱਕਾ ਦੇ ਕੇ ਮਾਰਨ ਦਾ ਕਥਿਤ ਦੋਸ਼ ਲਾਉਂਦਿਆਂ ਸੰਜੇ ਨੇ ਕਿਹਾ ਕਿ ਘਟਨਾ ਤੋਂ ਬਾਅਦ ਤੋਂ ਨਾ ਤਾਂ ਠੇਕੇਦਾਰ ਨੇ ਉਸ ਦਾ ਹਾਲ-ਚਾਲ ਪੁੱਛਿਆ ਹੈ ਅਤੇ ਨਾ ਹੀ ਉਸ ਦਾ ਫੋਨ ਲੱਗ ਰਿਹਾ ਹੈ। ਇਸ ਤੋਂ ਇਲਾਵਾ ਮਕਾਨ ਮਾਲਕ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ।


Babita

Content Editor

Related News