ਮਜ਼ਦੂਰਾਂ ਦੀ ਮੌਤ ’ਤੇ ਭਡ਼ਕੀ ਲੇਬਰ, ਨਹੀਂ ਹੋਣ ਦਿੱਤਾ ਪੋਸਟਮਾਰਟਮ
Tuesday, Jul 10, 2018 - 04:49 AM (IST)
ਲੁਧਿਆਣਾ(ਮਹੇਸ਼)-ਸੁਭਾਸ਼ ਨਗਰ ਦੇ ਮਾਇਆਪੁਰੀ ਇਲਾਕੇ ਵਿਚ ਐਤਵਾਰ ਨੂੰ ਇਕ ਇਮਾਰਤ ’ਤੇ ਪਲੱਸਤਰ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਜਾਣ ਨਾਲ 3 ਮਜ਼ਦੂਰਾਂ ਦੀ ਹੋਈ ਮੌਤ ਦੇ ਕੇਸ ਵਿਚ ਲੇਬਰ ਭਡ਼ਕ ਗਈ ਹੈ। ਉਨ੍ਹਾਂ ਸੋਮਵਾਰ ਨੂੰ ਪੁਲਸ ਦੇ ਸਾਰੇ ਯਤਨਾਂ ਦੇ ਬਾਵਜੂਦ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ। ਵੱਡੀ ਗਿਣਤੀ ਵਿਚ ਬਸਤੀ ਜੋਧੇਵਾਲ ਇਲਾਕੇ ਵਿਚ ਇਕੱਠੇ ਹੋਏ ਮਜ਼ਦੂਰਾਂ ਨੇ ਜਦੋਂ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਅੱਗੇ ਦੀ ਕੋਈ ਕਾਰਵਾਈ ਨਹੀਂ ਹੋਣ ਦੇਣਗੇ। ਉਧਰ, ਦੇਰ ਰਾਤ ਪੁਲਸ ਨੇ ਦੋਸ਼ੀ ਰਾਜੂ ਲੈਮਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਅਧਿਕਾਰਤ ਤੌਰ ’ਤੇ ਏ. ਸੀ. ਪੀ. ਚੌਧਰੀ ਪਵਨਜੀਤ ਨੇ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਇਸ ਘਟਨਾ ਕਾਰਨ ਗੁੱਸੇ ’ਚ ਆਏ ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਮੰਗਲਵਾਰ ਨੂੰ ਸਵੇਰ 10 ਵਜੇ ਟਿੱਬਾ ਰੋਡ ਤੋਂ ਰੇਲਵੇ ਸਟੇਸ਼ਨ ’ਤੇ ਇਕੱਠੇ ਹੋਣਗੇ। ਉਥੋਂ 11 ਵਜੇ ਜਲੂਸ ਦੇ ਰੂਪ ਵਿਚ ਮਿੰਨੀ ਸਕੱਤਰੇਤ ਵਿਚ ਪੁੱਜ ਕੇ ਡੀ. ਸੀ. ਦੇ ਦਫਤਰ ਦਾ ਘਿਰਾਓ ਕਰਨਗੇ। ਜਿੱਥੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੀ ਆਰਥਿਕ ਮਦਦ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਜਾਵੇਗੀ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਵੱਡਾ ਸੰਘਰਸ਼ ਛੇਡ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਰਨ ਵਾਲੇ ਮਜ਼ਦੂਰ ਸ਼ਤਰੰਜਨ, ਰਾਕੇਸ਼ ਅਤੇ ਕੇਸ਼ਵ ਰਾਏ ਉਰਫ ਮੁਕੇਸ਼ ਆਪਣੇ-ਆਪਣੇ ਘਰ ਵਿਚ ਇਕੱਲੇ ਕਮਾਉਣ ਵਾਲੇ ਸਨ। ਉਨ੍ਹਾਂ ਦੀ ਕਮਾਈ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਣ ਹੁੰਦਾ ਸੀ ਪਰ ਇਮਾਰਤ ਦਾ ਮਾਲਕ ਰਾਜੂ ਲੈਮਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਕ-ਇਕ ਲੱਖ ਦੇ ਕੇ ਸਮਝੌਤੇ ਦਾ ਦਬਾਅ ਬਣਾ ਰਿਹਾ ਹੈ। ਉਨ੍ਹਾਂ ਨੂੰ ਇਹ ਕਦੇ ਵੀ ਮਨਜ਼ੂਰ ਨਹੀਂ ਹੈ। ਉਹ ਦੋਸ਼ੀ ਨੂੰ ਸਜ਼ਾ ਦਿਵਾ ਕੇ ਰਹਿਣਗੇ। ਮਜ਼ਦੂਰਾਂ ਨੇ ਕਾਂਗਰਸੀ ਆਗੂਆਂ ’ਤੇ ਵੀ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਸਮੇਂ ਜਿਹਡ਼ੇ ਆਗੂ ਮੌਕੇ ’ਤੇ ਪੁੱਜੇ, ਉਸ ਤੋਂ ਬਾਅਦ ਨਾ ਤਾਂ ਉਹ ਮੁਡ਼ ਦਿਖਾਈ ਦਿੱਤੇ ਅਤੇ ਨਾ ਹੀ ਕੋਈ ਆਗੂ ਪੀਡ਼ਤ ਦੀ ਸਾਰ ਜਾਣਨ ਲਈ ਆਇਆ। ਉਨ੍ਹਾਂ ਕਿਹਾ ਕਿ ਮਰਨ ਵਾਲੇ ਮਜ਼ਦੂਰਾਂ ਦੇ ਛੋਟੇ-ਛੋਟੇ ਬੱਚੇ ਹਨ।
ਨਾਜਾਇਜ਼ ਉਸਾਰੀ ਨੂੰ ਲੈ ਕੇ ਆਪਣੇ ਸਟਾਫ ’ਤੇ ਐਕਸ਼ਨ ਲੈਣ ਨੂੰ ਤਿਆਰ ਨਹੀਂ ਨਿਗਮ ਪ੍ਰਸ਼ਾਸਨ
ਐਤਵਾਰ ਨੂੰ ਟਿੱਬਾ ਰੋਡ ਇਲਾਕੇ ਵਿਚ ਹੋ ਰਹੀ ਉਸਾਰੀ ਦੌਰਾਨ ਕਰੰਟ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਨੇ ਨਾਜਾਇਜ਼ ਤੌਰ ’ਤੇ ਇਮਾਰਤ ਬਣਾਉਣ ਦੇ ਦੋਸ਼ ਵਿਚ ਮਕਾਨ ਮਾਲਕ ਖਿਲਾਫ ਤਾਂ ਕੇਸ ਦਰਜ ਕਰਵਾ ਦਿੱਤਾ ਹੈ ਪਰ ਨਾਜਾਇਜ਼ ਉਸਾਰੀ ਨੂੰ ਲੈ ਕੇ ਆਪਣੇ ਸਟਾਫ ’ਤੇ ਐਕਸ਼ਨ ਲੈਣ ਨੂੰ ਤਿਆਰ ਨਹੀਂ, ਕਿਉਂਕਿ ਇਸ ਕੇਸ ਵਿਚ ਨਗਰ ਨਿਗਮ ਦੇ ਜ਼ੋਨ ਬੀ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਬਿਨਾਂ ਮਨਜ਼ੂਰੀ ਦੇ ਉਸਾਰੀ ਸ਼ੁਰੂ ਹੋਣ ਨੂੰ ਲੈ ਕੇ ਚਲਾਨ ਪਾਉਣ ਦੀ ਗੱਲ ਕਹੀ ਜਾ ਰਹੀ ਹੈ। ਜਦੋਂਕਿ ਉਸ ਤੋਂ ਬਾਅਦ ਉਸਾਰੀ ਨਾ ਹੋਣ ਦੇਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਅਫਸਰਾਂ ਦੀ ਹੀ ਬਣਦੀ ਹੈ, ਜਿਸ ਦੇ ਬਾਵਜੂਦ ਮੌਕੇ ’ਤੇ ਉਸਾਰੀ ਜਾਰੀ ਰਹੀ ਅਤੇ ਉਸ ਦੀ ਕੀਮਤ ਤਿੰਨ ਵਿਅਕਤੀਆਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ, ਜਿਸ ਨੂੰ ਲੈ ਕੇ ਇਮਾਰਤੀ ਸ਼ਾਖਾ ਦੇ ਸਟਾਫ ’ਤੇ ਐਕਸ਼ਨ ਲੈਣ ਨੂੰ ਲੈ ਕੇ ਅਧਿਕਾਰੀਆਂ ਨੇ ਚੁੱਪ ਸਾਥ ਲਈ ਹੈ।
