ਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ
Wednesday, Feb 07, 2018 - 01:36 AM (IST)
ਅਬੋਹਰ(ਸੁਨੀਲ, ਰਹੇਜਾ)¸ ਅਬੋਹਰ-ਫਾਜ਼ਿਲਕਾ ਰੋਡ ਸਥਿਤ ਆਰਮੀ ਛਾਉਣੀ ਦੇ ਇਕ ਜਵਾਨ ਦੀ ਬੀਤੀ ਰਾਤ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਰਾਮ ਕੁਮਾਰ ਨਿਵਾਸੀ ਜਾਮਰੀ, ਤਹਿਸੀਲ ਮਾਤਨਹਿਲ, ਜ਼ਿਲਾ ਝੱਜਰ (ਹਰਿਆਣਾ) ਸਥਾਨਕ ਆਰਮੀ ਵਿਚ ਲਾਂਸ ਨਾਇਕ ਦੇ ਅਹੁਦੇ 'ਤੇ ਤਾਇਨਾਤ ਸੀ ਅਤੇ ਆਪਣੇ ਪਰਿਵਾਰ ਸਣੇ ਰਹਿੰਦਾ ਸੀ। ਸੋਮਵਾਰ ਰਾਤ ਉਸ ਦੀ ਪਤਨੀ ਨੇ ਦੇਖਿਆ ਤਾਂ ਪਾਇਆ ਕਿ ਉਸ ਦਾ ਪਤੀ ਬੈੱਡ 'ਤੇ ਬੇਹੋਸ਼ ਪਿਆ ਸੀ, ਜਿਸ 'ਤੇ ਆਸ-ਪਾਸ ਦੇ ਆਰਮੀ ਜਵਾਨ ਇਕੱਠੇ ਹੋਏ ਤਾਂ ਉਨ੍ਹਾਂ ਤੁਰੰਤ ਆਰਮੀ ਵਿਚ ਬਣੇ ਹਸਪਤਾਲ ਵਿਚ ਉਸ ਨੂੰ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਕੁਲਦੀਪ ਸਿੰਘ ਦੇ ਗਲੇ 'ਤੇ ਨਿਸ਼ਾਨ ਹੋਣ ਕਾਰਨ ਆਰਮੀ ਦੇ ਜਵਾਨਾਂ ਨੇ ਇਸ ਗੱਲ ਦੀ ਸੂਚਨਾ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ। ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸਾਂਘਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
