ਮਾਮਲਾ ਕੇਂਦਰੀ ਜੇਲ ''ਚ ਕੈਦੀ ਦੀ ਹੋਈ ਮੌਤ ਦਾ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ

09/24/2017 12:57:46 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ)-ਕੇਂਦਰੀ ਜੇਲ ਫਿਰੋਜ਼ਪੁਰ ਵਿਚ ਭੇਤਭਰੀ ਹਾਲਤ ਵਿਚ 33 ਸਾਲਾ ਕੈਦੀ ਜੰਡ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਸ਼ੇਰਖਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਕਿਉਂਕਿ ਮ੍ਰਿਤਕ ਕੈਦੀ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜੰਗ ਸਿੰਘ ਦੀ ਮੌਤ ਜੇਲ ਪ੍ਰਸ਼ਾਸਨ ਫਿਰੋਜ਼ਪੁਰ ਦੇ ਅਧਿਕਾਰੀਆਂ ਦੀ ਕਥਿਤ ਲਾਪ੍ਰਵਾਹੀ ਕਾਰਨ ਹੋਈ ਹੈ। ਜੇਲ ਪ੍ਰਸ਼ਾਸਨ ਵੱਲੋਂ ਜੰਡ ਸਿੰਘ ਦਾ ਗੰਭੀਰਤਾ ਨਾਲ ਸਮੇਂ 'ਤੇ ਬਣਦਾ ਇਲਾਜ ਨਹੀਂ ਕਰਵਾਇਆ ਗਿਆ। ਇਲਾਜ ਵਿਚ ਦੇਰੀ ਹੋਣ ਕਾਰਨ ਹੀ ਜੰਡ ਸਿੰਘ ਨੇ ਦਮ ਤੋੜਿਆ। ਪਰਿਵਾਰ ਅਨੁਸਾਰ 15 ਸਤੰਬਰ ਨੂੰ ਜੰਡ ਸਿੰਘ ਦੇ ਪੇਟ ਵਿਚ ਦਰਦ ਹੋਇਆ ਸੀ ਅਤੇ ਜੇਲ ਅਧਿਕਾਰੀਆਂ ਨੇ ਉਸਦਾ ਇਲਾਜ ਨਹੀਂ ਕਰਵਾਇਆ।
ਜੇਲ ਪ੍ਰਸ਼ਾਸਨ ਦੇ ਖਿਲਾਫ ਰੋਸ ਧਰਨਾ ਦੇਣ ਦੀ ਕੋਸ਼ਿਸ਼
ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਜੰਡ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇਕੱਠੇ ਹੋਏ ਅਤੇ ਉਨ੍ਹਾਂ ਜੇਲ ਪ੍ਰਸ਼ਾਸਨ ਦੇ ਖਿਲਾਫ ਰੋਸ ਧਰਨਾ ਲਾਉਣ ਦੀ ਕੋਸਿਸ਼ ਕੀਤੀ। 
ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਹਰਿੰਦਰ ਸਿੰਘ ਡੋਡ ਨੇ ਉਨ੍ਹਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਜੇਕਰ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਹੋਰ ਕੋਈ ਕਾਰਨ ਹੋਵੇਗਾ ਤਾਂ ਪੋਸਟਮਾਰਟਮ ਰਿਪੋਰਟ ਅਤੇ ਮੈਜਿਸਟ੍ਰੇਟ ਜਾਂਚ ਵਿਚ ਸਾਹਮਣੇ ਆ ਜਾਵੇਗਾ। ਉਨ੍ਹਾਂ ਰਿਪੋਰਟ ਆਉਣ ਤੱਕ ਸ਼ਾਂਤ ਰਹਿਣ ਦੀ ਸਲਾਹ ਦਿੱਤੀ।
ਜੇਲ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ 
ਦੂਜੇ ਪਾਸੇ ਜੇਲ ਦੇ ਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਜੰਗ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤੀ ਗਈ। ਜੇਲ ਅਧਿਕਾਰੀਆਂ ਅਨੁਸਾਰ ਜੰਗ ਸਿੰਘ ਨੂੰ ਜਾਨਲੇਵਾ ਬੀਮਾਰੀ ਸੀ। ਉਹ ਦਮੇ ਤੋਂ ਪੀੜਤ ਸੀ। ਅਦਾਲਤ ਵਿਚ ਤਰੀਕ ਭੁਗਤ ਕੇ ਜਿਵੇਂ ਹੀ ਜੰਗ ਸਿੰਘ ਫਿਰੋਜ਼ਪੁਰ ਪਹੁੰਚਿਆ ਤਾਂ ਉਸਦੀ ਸਿਹਤ ਖਰਾਬ ਹੋ ਗਈ। ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।
ਓਧਰ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਅਤੇ ਜੇਲ ਦੇ ਬਾਹਰ ਰੋਸ ਧਰਨੇ ਦੀ ਸੂਚਨਾ ਨੂੰ ਲੈ ਕੇ ਪੁਲਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। 


Related News