ਡਾਕਟਰ ਦੀ ਲਾਪ੍ਰਵਾਹੀ ਕਰ ਕੇ ਔਰਤ ਦੀ ਮੌਤ

07/20/2017 1:51:51 AM

ਤਪਾ ਮੰਡੀ(ਮੇਸ਼ੀ)-ਸ਼ਹਿਰ ਦੀ ਪਿਆਰਾ ਲਾਲ ਬਸਤੀ ਦੀ ਇਕ ਔਰਤ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਸਮੇਤ ਹੋਰਨਾਂ ਨੇ ਇਕ ਨਿੱਜੀ ਹਸਪਤਾਲ ਦੇ ਡਾਕਟਰ 'ਤੇ ਕਥਿਤ ਦੋਸ਼ ਲਾਏ ਕਿ ਮੋਨੂੰ ਰਾਣੀ ਦੀ ਮੌਤ ਇਲਾਜ ਦੌਰਾਨ ਵਰਤੀ ਗਈ ਲਾਪ੍ਰਵਾਹੀ ਕਾਰਨ ਹੋਈ ਹੈ।  ਮ੍ਰਿਤਕਾ ਦੇ ਪਤੀ ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਸਦੀ ਪਤਨੀ ਮੋਨੂੰ ਦੀ ਸਿਹਤ ਖਰਾਬ ਚੱਲ ਰਹੀ ਸੀ। ਜਿਸ ਸਬੰਧੀ ਢਿਲਵਾਂ ਰੋਡ ਸਥਿਤ ਖੁੱਲ੍ਹੇ ਨਿੱਜੀ ਹਸਪਤਾਲ 'ਚ ਇਲਾਜ ਲਈ ਉਸ ਨੂੰ ਲੈ ਕੇ ਗਏ। ਡਾਕਟਰ ਵੱਲੋਂ ਜਾਂਚ ਕਰਨ ਉਪਰੰਤ ਮਰੀਜ਼ ਨੂੰ ਖਾਣ ਲਈ ਦਵਾਈ ਦੇਣ ਮਗਰੋਂ ਟੀਕੇ ਲਾ ਕੇ ਘਰ ਭੇਜ ਦਿੱਤਾ ਤੇ ਅਗਲੇ ਦਿਨ ਮੁੜ ਵਿਖਾਉਣ ਲਈ ਕਿਹਾ, ਕਈ ਦਿਨ ਲਗਾਤਾਰ ਦਵਾਈ ਤੇ ਟੀਕੇ ਲਾਉਣ ਦਾ ਸਿਲਸਿਲਾ ਜਾਰੀ ਸੀ। ਉਨ੍ਹਾਂ ਦੱਸਿਆ ਕਿ ਆਖਿਰੀ ਦਿਨ ਜਦ ਮੇਰੀ ਪਤਨੀ ਦੇ ਹੱਥਾਂ-ਪੈਰਾਂ 'ਤੇ ਸੋਜ ਆ ਗਈ ਤਾਂ ਉਕਤ ਹਸਪਤਾਲ ਦੇ ਨਿੱਜੀ ਡਾਕਟਰ ਨੇ ਉਸ ਦੀ ਪਤਨੀ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਉਣ ਦੀ ਸਲਾਹ ਦਿੱਤੀ। ਜਦ ਉਹ ਸਰਕਾਰੀ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਪਰ ਬਰਨਾਲਾ ਦੇ ਐਮਰਜਂੈਸੀ ਅੰਦਰ ਹੀ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਨਿੱਜੀ ਡਾਕਟਰ ਦੇ ਬੀਮਾਰੀ ਸਮਝ ਨਹੀਂ ਆ ਰਹੀ ਸੀ ਤਾਂ ਉਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਮਰੀਜ਼ ਨੂੰ ਕਿਉਂ ਲਗਾਤਾਰ ਦਵਾਈ ਦਿੱਤੀ ਜਾ ਰਹੀ ਸੀ।  ਪੀੜਤ ਪਰਿਵਾਰ ਨੇ ਡਾਕਟਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਗੁਹਾਰ ਲਾਈ ਹੈ। ਓਧਰ, ਦੂਜੇ ਪਾਸੇ ਜਦ ਸਿੱਧੂ ਸਪੈਸ਼ਲਿਟੀ ਹਸਪਤਾਲ ਦੇ ਸਟਾਫ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਮੈਨੇਜਰ ਨੇ ਕਿਹਾ ਕਿ ਮਰੀਜ਼ ਨੇ ਸਿਰਫ ਸਾਧਾਰਨ ਦਵਾਈ ਲਈ ਹੈ, ਜਦਕਿ ਇਨ੍ਹਾਂ ਨੂੰ ਕਈ ਤਰ੍ਹਾਂ ਦੇ ਸਰੀਰਕ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ ਪਰ ਇਨ੍ਹਾਂ ਆਪਣੀ ਆਰਥਿਕ ਮਜਬੂਰੀ ਦੱਸਦਿਆਂ ਟੈਸਟ ਕਰਵਾਉਣ ਦੀ ਅਸਮਰੱਥਾ ਜ਼ਾਹਿਰ ਕੀਤੀ। ਜਿਸ 'ਚ ਸਾਡੇ ਹਸਪਤਾਲ ਦਾ ਕੋਈ ਕਸੂਰ ਨਹੀਂ ਹੈ।  ਇਸ ਮਾਮਲੇ ਸਬੰਧੀ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਫਿਲਹਾਲ 174 ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਜਦਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਧਾਰਾਵਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ।


Related News