ਭਾਖੜਾ ਨਹਿਰ ਬਣੀ ''ਮੌਤ ਦਾ ਖੂਹ''

Tuesday, Jun 20, 2017 - 12:56 AM (IST)

ਪਟਿਆਲਾ (ਬਲਜਿੰਦਰ)-ਕਈ ਦਹਾਕੇ ਪਹਿਲਾਂ ਪੰਜਾਬ ਦੇ ਮਾਲਵਾ ਇਲਾਕੇ ਦੇ ਵੱਡੇ ਹਿੱਸੇ ਦੀ ਆਰਥਿਕਤਾ ਨੂੰ ਨਵਾਂ ਜੀਵਨ ਦੇਣ ਲਈ ਬਣਾਈ ਗਈ ਭਾਖੜਾ ਨਹਿਰ ਹੁਣ 'ਮੌਤ ਦਾ ਖੂਹ' ਬਣ ਗਈ ਹੈ। ਭਾਖੜਾ ਨਹਿਰ ਦੇ ਇੱਕ ਹਿੱਸੇ ਵਿਚ ਕੁਝ ਕਿਲੋਮੀਟਰ ਦਾ ਹੀ ਏਰੀਆ ਆਉਂਦਾ ਹੈ, ਜਿਸ 'ਚ ਪਿਛਲੇ 19 ਦਿਨਾਂ ਵਿਚ 20 ਵਿਅਕਤੀਆਂ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਚੋਂ 11 ਦੀ ਮੌਤ ਹੋ ਗਈ ਅਤੇ 9 ਨੂੰ ਗੋਤਾਖੋਰਾਂ ਨੇ ਜਿਊਂਦਾ ਕੱਢ ਲਿਆ। ਆਤਮ-ਹੱਤਿਆ ਲਈ ਭਾਖੜਾ ਨਹਿਰ ਦੀ ਚੋਣ ਦਾ ਸਿਲਸਿਲਾ ਪਿਛਲੇ ਸਮੇਂ ਦੌਰਾਨ ਜ਼ਿਆਦਾ ਵਧਿਆ ਹੈ। ਜਿਹੜੇ 19 ਦਿਨਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਇਸੇ ਮਹੀਨੇ 1 ਤੋਂ 19 ਜੂਨ ਤੱਕ ਦੇ ਹਨ। ਇਸ ਦਾ ਏਰੀਆ ਵੀ ਲਗਭਗ 25 ਕਿਲੋਮੀਟਰ ਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ 19 ਦਿਨਾਂ ਵਿਚ ਕੁਝ ਦਿਨ ਤਾਂ ਅਜਿਹੇ ਹਨ ਜਦ ਇੱਕ ਦਿਨ ਵਿਚ ਸਿਰਫ ਨਾਭਾ ਰੋਡ 'ਤੇ 4 ਤੋਂ 5 ਵਿਅਕਤੀਆਂ ਨੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਇੰਨੇ ਘੱਟ ਦਿਨਾਂ ਵਿਚ ਇੰਨੇ ਵਿਅਕਤੀਆਂ ਵੱਲੋਂ ਆਤਮ-ਹੱਤਿਆ ਦੀ ਕੋਸ਼ਿਸ਼ ਕਰਨਾ ਬੜਾ ਚਿੰਤਾ ਵਿਸ਼ਾ ਹੈ।
ਕਦੇ ਕਤਲ ਕਰ ਕੇ ਭਾਖੜਾ 'ਚ ਸੁੱਟਣ ਦੀਆਂ ਜ਼ਿਆਦਾ ਹੁੰਦੀਆਂ ਸਨ ਘਟਨਾਵਾਂ
ਭਾਖੜਾ ਨਹਿਰ ਵਿਚ ਕਦੇ ਕਤਲ ਕਰ ਕੇ ਸੁੱਟਣ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਸਨ। ਪਿਛਲਾ ਰਿਕਾਰਡ ਦੇਖਿਆ ਜਾਵੇ ਤਾਂ ਆਤਮ-ਹੱਤਿਆਵਾਂ ਦਾ ਸਿਲਸਿਲਾ ਕਾਫੀ ਵਧ ਗਿਆ ਹੈ। ਪਿਛਲੇ ਦਿਨਾਂ ਦੇ ਰਿਕਾਰਡ ਮੁਤਾਬਕ ਔਸਤਨ ਰੋਜ਼ਾਨਾ ਇੱਕ ਵਿਅਕਤੀ ਵੱਲੋਂ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਨਾਭਾ ਰੋਡ ਅਤੇ ਪਸਿਆਣਾ ਰੋਡ ਦੀਆਂ ਹੀ ਘਟਨਾਵਾਂ ਹਨ। ਇਨ੍ਹਾਂ ਵਿਚ ਘਰੇਲੂ ਝਗੜੇ ਸਭ ਤੋਂ ਵੱਡਾ ਕਾਰਨ ਹਨ।
ਕੀਮਤੀ ਜਾਨਾਂ ਬਚਾਉਣ ਵਾਲੇ ਗੋਤਾਖੋਰ ਸਰਕਾਰ ਨੇ ਕੀਤੇ ਅਣਗੌਲੇ
ਭਾਖੜਾ ਨਹਿਰ ਵਿਖੇ ਤਾਇਨਾਤ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਂਦੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾ ਰਹੀ। ਹਾਲਾਤ ਇਹ ਹਨ ਕਿ ਉਨ੍ਹਾਂ ਨੂੰ ਭਾਖੜਾ ਨਹਿਰ ਦੇ ਕਿਨਾਰੇ ਟੈਂਟ ਵਿਚ ਸਖਤ ਗਰਮੀ ਅਤੇ ਸਰਦੀ ਵਿਚ ਰਹਿਣਾ ਪੈ ਰਿਹਾ ਹੈ। ਗੋਤਾਖੋਰਾਂ ਨੂੰ ਪਰਿਵਾਰਕ ਗੁਜ਼ਾਰੇ ਲਈ ਵੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇਨ੍ਹਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਪਿਛਲੇ 15 ਦਿਨਾਂ ਵਿਚ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰ 9 ਵਿਅਕਤੀਆਂ ਨੂੰ ਜਿਊਂਦਾ ਨਹਿਰ ਵਿਚੋਂ ਕੱਢ ਚੁੱਕੇ ਹਨ। ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ।


Related News