ਨਸ਼ਾ ਸਮੱਗਲਿੰਗ ਦੇ ਦੋਸ਼ ''ਚ ਜੇਲ ਗਏ ਲੜਕੇ ਦੀ ਭੇਤਭਰੇ ਹਾਲਾਤ ''ਚ ਮੌਤ
Thursday, Jun 15, 2017 - 07:00 AM (IST)
ਫਿਲੌਰ(ਭਾਖੜੀ)-ਬੀਤੇ ਦਿਨੀਂ 5 ਕਿਲੋ ਚੂਰਾ-ਪੋਸਤ ਦੇ ਕੇਸ ਵਿਚ ਜੇਲ ਭੇਜੇ 28 ਸਾਲਾ ਲੜਕੇ ਦੀ ਭੇਤਭਰੇ ਹਾਲਾਤ ਵਿਚ ਹੋਈ ਮੌਤ ਨਾਲ ਪਰਿਵਾਰ ਤੇ ਪਿੰਡ ਵਾਲਿਆਂ ਦਾ ਪੁਲਸ ਪ੍ਰਤੀ ਗੁੱਸਾ ਭੜਕ ਗਿਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਬੇਟਾ ਚੂਰਾ-ਪੋਸਤ ਖਾਣ ਦਾ ਆਦੀ ਸੀ ਪਰ ਪੁਲਸ ਨੇ ਉਸ ਨੂੰ ਫੜ ਕੇ ਕੁੱਟਮਾਰ ਕਰ ਕੇ ਉਸ ਨੂੰ ਜ਼ਬਰਦਸਤੀ ਸਮੱਗਲਰ ਐਲਾਨ ਦਿੱਤਾ। ਪਹਿਲਾਂ ਉਸ ਨੂੰ ਥਾਣੇ ਵਿਚ ਬੁਰੀ ਤਰ੍ਹਾਂ ਕੁੱਟਿਆ ਗਿਆ, ਬਾਅਦ ਵਿਚ ਜੇਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਉਸ ਦੀ ਮੌਤ ਗਈ। ਮ੍ਰਿਤਕ ਰਾਮ ਲੁਭਾਇਆ ਦੇ ਬਜ਼ੁਰਗ ਪਿਤਾ ਮਹਿੰਦਰ ਪਾਲ ਤੇ ਮਾਤਾ ਪਾਲੋ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਮਜ਼ਦੂਰੀ ਕਰ ਕੇ ਉਨ੍ਹਾਂ ਦਾ ਤੇ ਆਪਣੀ ਪਤਨੀ ਅਤੇ ਦੋ ਸਾਲ ਦੀ ਬੱਚੀ ਦਾ ਮੁਸ਼ਕਿਲ ਨਾਲ ਪਾਲਣ-ਪੋਸ਼ਣ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੂਰੇ ਪਰਿਵਾਰ ਦੇ ਜੀਆਂ ਨੇ ਘਰਾਂ ਵਿਚ ਕੰਮ ਕਰ ਕੇ ਪਿੰਡ ਦੇ ਇਕ ਵਿਅਕਤੀ ਕੋਲ 1 ਲੱਖ ਰੁਪਏ ਦੀਆਂ ਕਮੇਟੀਆਂ ਪਾਈਆਂ ਸਨ। ਬੀਤੀ 9 ਜੂਨ ਨੂੰ ਸਵੇਰੇ 10 ਵਜੇ ਉਹ ਘਰੋਂ ਕਮੇਟੀ ਲੈਣ ਲਈ ਨਿਕਲਣ ਲੱਗਾ ਤਾਂ ਪੁਲਸ ਨੇ ਉਨ੍ਹਾਂ ਦੇ ਬੇਟੇ ਨੂੰ ਫੜਨ ਲਈ ਪਹਿਲਾਂ ਤੋਂ ਹੀ ਜਾਲ ਵਿਛਾਇਆ ਹੋਇਆ ਸੀ ਅਤੇ ਵਾਰ-ਵਾਰ ਉਸ ਨੂੰ ਕਿਸੇ ਜਾਣ-ਪਛਾਣ ਵਾਲੇ ਤੇ ਕਿਸੇ ਮੁਖ਼ਬਰ ਤੋਂ ਫੋਨ ਕਰਵਾ ਰਹੇ ਸਨ ਕਿ ਉਹ ਘਰੋਂ ਆਉਂਦਾ ਹੋਇਆ ਥੋੜ੍ਹਾ ਜਿਹਾ ਚੂਰਾ-ਪੋਸਤ ਲੈ ਕੇ ਆਵੇ। ਜਿਉਂ ਹੀ ਉਨ੍ਹਾਂ ਦਾ ਬੇਟਾ ਕਮੇਟੀ ਦੇ 1 ਲੱਖ ਰੁਪਏ ਲੈ ਕੇ ਸ਼ੇਰਾਂ ਵਾਲੇ ਗੇਟ ਨੇੜੇ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਫੜ ਕੇ ਥਾਣੇ ਲੈ ਗਈ, ਜਿੱਥੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ 'ਚ ਪੁਲਸ ਉਸ ਨੂੰ ਨਾਲ ਲੈ ਕੇ ਘਰ ਦੀ ਤਲਾਸ਼ੀ ਲੈਣ ਆਈ, ਜਦੋਂ ਘਰ ਤੋਂ ਪੁਲਸ ਨੂੰ ਕੁਝ ਨਹੀਂ ਮਿਲਿਆ ਤਾਂ ਵਾਪਸ ਜਾਂਦੇ ਹੋਏ, ਉਨ੍ਹਾਂ ਦੇ ਬੇਟੇ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਸ ਨੂੰ ਬਚਾ ਲਓ ਪੁਲਸ ਉਸ ਨੂੰ ਬੁਰੀ ਤਰ੍ਹਾਂ ਨਾਲ ਮਾਰ ਰਹੀ ਹੈ।
10 ਜੂਨ ਸ਼ਨੀਵਾਰ ਨੂੰ ਪੁਲਸ ਨੇ ਉਸ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਬੇਟੇ 'ਤੇ ਪੰਜ ਕਿੱਲੋ ਚੂਰਾ-ਪੋਸਤ ਦਾ ਕੇਸ ਪਾ ਕੇ ਉਸ ਨੂੰ ਸਮੱਗਲਰ ਸਾਬਤ ਕਰ ਕੇ ਕਪੂਰਥਲਾ ਜੇਲ ਭੇਜ ਦਿੱਤਾ। ਉਸ ਕੋਲ ਜੋ ਕਮੇਟੀ ਦੇ 1 ਲੱਖ ਰੁਪਏ ਸਨ, ਉਸ ਵਿਚੋਂ 42,500 ਰੁਪਏ ਨਸ਼ੇ ਦੇ ਮੁਕੱਦਮੇ ਵਿਚ ਨਾਲ ਜੋੜ ਦਿੱਤੇ ਕਿ ਉਹ ਇਨ੍ਹਾਂ ਰੁਪਿਆਂ ਨੂੰ ਚੂਰਾ-ਪੋਸਤ ਵੇਚ ਕੇ ਲਿਆਇਆ ਸੀ ਅਤੇ ਨਵਾਂ ਮਾਲ ਖਰੀਦਣ ਜਾ ਰਿਹਾ ਸੀ। ਬਾਕੀ ਦੇ ਰੁਪਏ ਲੋਕਲ ਪੁਲਸ ਨੇ ਖੁਰਦ-ਬੁਰਦ ਕਰ ਦਿੱਤੇ। ਜੇਲ ਜਾਣ ਦੇ ਦੋ ਦਿਨ ਬਾਅਦ ਬੀਤੀ ਰਾਤ 10 ਵਜੇ ਪੁਲਸ ਮੁਲਾਜ਼ਮ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਜੇਲ ਵਿਚ ਹਾਲਤ ਕਾਫੀ ਖਰਾਬ ਹੋ ਗਈ ਹੈ। ਜਦੋਂ ਉਹ ਸਵੇਰੇ ਬੇਟੇ ਨੂੰ ਜੇਲ ਵਿਚ ਮਿਲਣ ਪਹੁੰਚੇ ਤਾਂ ਪੂਰਾ ਦਿਨ ਅਧਿਕਾਰੀ ਨੇ ਉਨ੍ਹਾਂ ਨੂੰ ਜੇਲ ਦੇ ਬਾਹਰ ਬਿਠਾਉਣ ਦੇ ਬਾਅਦ, ਦੁਪਹਿਰ 3 ਵਜੇ ਉਨ੍ਹਾਂ ਦੇ ਬੇਟੇ ਦੀ ਲਾਸ਼ ਉਨ੍ਹਾਂ ਦੇ ਸਪੁਰਦ ਕਰ ਦਿੱਤੀ। ਮ੍ਰਿਤਕ ਦੇ ਪਰਿਵਾਰ ਤੇ ਉਥੇ ਪਹੁੰਚੇ ਸੈਂਕੜੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਲੋਕਲ ਪੁਲਸ ਵੱਲੋਂ ਕੀਤੀ ਗਈ ਬੁਰੀ ਤਰ੍ਹਾਂ ਨਾਲ ਕੁੱਟਮਾਰ ਅਤੇ ਜੇਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ ਹੈ। ਸਥਾਨਕ ਪੁਲਸ ਵੱਡੇ ਨਸ਼ਾ ਸਮੱਗਲਰਾਂ 'ਤੇ ਤਾਂ ਕੋਈ ਕਾਰਵਾਈ ਕਰ ਨਹੀਂ ਰਹੀ, ਗਰੀਬਾਂ ਦੇ ਲੜਕਿਆਂ ਨੂੰ ਫੜ ਕੇ ਜੋ ਚੂਰਾ-ਪੋਸਤ ਦੇ ਨਸ਼ੇ ਦੇ ਆਦੀ ਹਨ, ਉਨ੍ਹਾਂ ਨੂੰ ਜੇਲਾਂ ਵਿਚ ਭੇਜ ਕੇ ਸਰਕਾਰ ਅੱਗੇ ਆਪਣੀ ਉਪਲੱਬਧੀ ਦੇ ਝੰਡੇ ਗੱਡ ਰਹੀ ਹੈ, ਜਦ ਕਿ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਕਿਹਾ ਸੀ ਕਿ ਚੂਰਾ-ਪੋਸਤ ਦਾ ਸੇਵਨ ਕਰਨ ਵਾਲਿਆਂ ਵਿਰੁੱਧ ਪੁਲਸ ਕਾਰਵਾਈ ਨਹੀਂ ਕੀਤੀ ਜਾਵੇਗੀ। ਪਿੰਡ ਵਾਲਿਆਂ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਲੋਕਲ ਪੁਲਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਜਾਂਚ ਤੇ ਦੋਸ਼ੀ ਪੁਲਸ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
ਇਸ ਸਬੰਧ ਵਿਚ ਪੁੱਛਣ 'ਤੇ ਥਾਣਾ ਮੁਖੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਮ੍ਰਿਤਕ ਲੜਕਾ ਰਾਮ ਲੁਭਾਇਆ ਨਸ਼ੇ ਦਾ ਆਦੀ ਹੀ ਨਹੀਂ ਬਲਕਿ ਨਸ਼ਾ ਸਮੱਗਲਰ ਵੀ ਸੀ। ਪੁਲਸ ਨੇ ਉਸ ਨੂੰ ਫੜ ਕੇ ਉਸ ਵਿਰੁੱਧ ਕਾਰਵਾਈ ਕਰ ਕੇ ਉਸ ਨੂੰ ਸਿੱਧਾ ਜੇਲ ਭੇਜ ਦਿੱਤਾ। ਉਸ ਨਾਲ ਕਿਸੇ ਤਰ੍ਹਾਂ ਦੀ ਥਾਣੇ ਵਿਚ ਕੋਈ ਕੁੱਟਮਾਰ ਨਹੀਂ ਕੀਤੀ ਗਈ। ਮ੍ਰਿਤਕ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
