ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ

Thursday, Apr 28, 2022 - 10:52 AM (IST)

ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ

ਪਟਿਆਲਾ (ਜ. ਬ.) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅਪ੍ਰੈਲ ਮਹੀਨੇ ਦੇ 27 ਦਿਨਾਂ ’ਚੋਂ 25 ਵਿਚ ਅਧਿਕਾਰਤ ਤੌਰ ’ਤੇ ਕੱਟ ਲਗਾਏ ਹਨ। ਇਹ ਪ੍ਰਗਟਾਵਾ ਪਾਵਰਕਾਮ ਦੀ ਰੋਜ਼ਾਨਾ ਰਿਪੋਰਟ ਵਿਚ ਹੋਇਆ ਹੈ।ਇਸ ਰਿਪੋਰਟ ਦੇ ਮੁਤਾਬਕ ਪਾਵਰਕਾਮ ਕੋਲੋਂ 1 ਅਤੇ 3 ਅਪ੍ਰੈਲ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ ਵਿਚ ਬਿਜਲੀ ਮੰਗ ਅਨੁਸਾਰ ਸਪਲਾਈ ਨਹੀਂ ਹੋ ਸਕੀ ਤੇ ਪਾਵਰਕਾਮ ਨੇ ਸਪਲਾਈ ਵਿਚਲੀ ਘਾਟ ਦੂਰ ਕਰਨ ਵਾਸਤੇ ਬਿਜਲੀ ਕੱਟ ਲਗਾਏ ਹਨ। ਬਿਜਲੀ ਸਪਲਾਈ ਦੀ ਘਾਟ ਵਿਚ ਸਭ ਤੋਂ ਜ਼ਿਆਦਾ ਘਾਟ 6 ਅਪ੍ਰੈਲ ਨੂੰ ਆਈ ਜਦੋਂ 109 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਗਏ। ਇਸੇ ਤਰੀਕੇ 64 ਮਿਲੀਅਨ ਯੂਨਿਟ ਦੀ ਘਾਟ ਦੀ ਪੂਰਤੀ ਵਾਸਤੇ 12 ਅਪ੍ਰੈਲ, 45 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 10 ਅਪ੍ਰੈਲ, 35 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 11 ਅਪ੍ਰੈਲ, 24 ਮਿਲੀਅਨ ਦੀ ਪੂਰਤੀ ਵਾਸਤੇ 13 ਅਪ੍ਰੈਲ, 27 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ 15 ਅਪ੍ਰੈਲ, 23 ਮਿਲੀਅਨ ਦੀ ਪੂਰਤੀ ਵਾਸਤੇ 19 ਅਪ੍ਰੈਲ, 20 ਅਤੇ 25 ਅਪ੍ਰੈਲ ਨੂੰ 21 ਮਿਲੀਅਨ ਯੂਨਿਟ ਅਤੇ ਲੰਘੇ ਕੱਲ੍ਹ 26 ਅਪ੍ਰੈਲ ਨੂੰ 48 ਮਿਲੀਅਨ ਯੂਨਿਟ ਦੀ ਪੂਰਤੀ ਵਾਸਤੇ ਬਿਜਲੀ ਕੱਟ ਲਗਾਏ ਗਏ ਹਨ। ਬਾਕੀ ਦਿਨਾਂ ਵਿਚ ਬਿਜਲੀ ਕੱਟ ਇਸ ਤੋਂ ਘੱਟ ਮਾਮਲਿਆਂ ਵਿਚ ਲਗਾਏ ਗਏ ਹਨ। ਪਾਵਰਕਾਮ ਇਸ ਵੇਲੇ ਗੰਭੀਰ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਜੋ ਇਸ ਵੱਲੋਂ ਅਧਿਕਾਰਤ ਤੌਰ ’ਤੇ ਕੱਟ ਲਗਾਉਣ ਦੀ ਗੱਲ ਤੋਂ ਸਾਬਿਤ ਹੋ ਰਿਹਾ ਹੈ।ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਰਿਪੋਰਟ ਵਿਚ ਆਪ ਮੰਨਿਆ ਗਿਆ ਹੈ ਕਿ ਵੱਖ-ਵੱਖ ਖੇਤਰਾਂ ਲਈ ਪੌਣੇ ਘੰਟੇ ਤੋਂ ਲੈ ਕੇ 5 ਘੰਟੇ ਤੱਕ ਦੇ ਕੱਟ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ

ਕੀ ਹੈ ਥਰਮਲਾਂ ਦਾ ਹਾਲ

ਇਸ ਵੇਲੇ ਪੰਜਾਬ ਵਿਚ ਪ੍ਰਾਈਵੇਟ ਖੇਤਰ ਦੇ ਥਰਮਲਾਂ ਵਿਚੋਂ ਰਾਜਪੁਰਾ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਸਮਰਥਾ ਨਾਲ ਬਿਜਲੀ ਪੈਦਾ ਰਹੇ ਹਨ, ਤਲਵੰਡੀ ਸਾਬੋ ਦੇ 3 ਯੁੂਨਿਟਾਂ ’ਚੋਂ 2 ਬੰਦ ਹਨ ਤੇ ਇਕ ਯੁੂਨਿਟ ਚਲ ਰਿਹਾ ਹੈ। ਇਸੇ ਤਰੀਕੇ ਗੋਇੰਦਵਾਲ ਸਾਹਿਬ ਦੇ 2 ਯੁੂਨਿਟਾਂ ’ਚੋਂ ਇਕ ਚਲ ਰਿਹਾ ਹੈ। ਸਰਕਾਰੀ ਖੇਤਰ ਦੇ ਥਰਮਲਾਂ ਵਿਚ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 4 ’ਚੋਂ 2 ਯੁੂਨਿਟ ਅਤੇ ਲਹਿਰਾ ਮੁਹੱਬਤ ਥਰਮਲ ਦੇ ਸਾਰੇ ਚਾਰੋਂ ਯੁੂਨਿਟ ਬਿਜਲੀ ਪੈਦਾਵਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ

ਕੀ ਹੈ ਕੋਲੇ ਦੀ ਸਥਿਤੀ

ਸਰਕਾਰੀ ਖੇਤਰ ਦੇ ਰੋਪੜ ਥਰਮਲ ਪਲਾਂਟ ਵਿਚ ਇਸ ਵੇਲੇ 7.9 ਦਿਨ, ਲਹਿਰਾ ਮੁਹੱਬਤ ਵਿਚ 4.7 ਦਿਨ ਅਤੇ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਵਿਚ 6.2 ਦਿਨ, ਰਾਜਪੁਰਾ ਵਿਚ 18.9 ਦਿਨ ਅਤੇ ਗੋਇੰਦਵਾਲ ਸਾਹਿਬ ’ਚ 2.6 ਦਿਨ ਦਾ ਕੋਲਾ ਬਾਕੀ ਪਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News