ਨਸ਼ੇਡ਼ੀਅਾਂ ਕੀਤਾ ਮੰਡੀ ਦੇ ਮਜ਼ਦੂਰਾਂ ’ਤੇ ਜਾਨਲੇਵਾ ਹਮਲਾ

Wednesday, Jul 18, 2018 - 05:58 AM (IST)

ਨਸ਼ੇਡ਼ੀਅਾਂ ਕੀਤਾ ਮੰਡੀ ਦੇ ਮਜ਼ਦੂਰਾਂ ’ਤੇ ਜਾਨਲੇਵਾ ਹਮਲਾ

ਕਰਤਾਰਪੁਰ, (ਸਾਹਨੀ)- ਅੱਜ ਸ਼ਾਮ ਸਥਾਨਕ ਜੀ. ਟੀ. ਰੋਡ ਨੇੜੇ ਨਵੀਂ ਦਾਣਾ ਮੰਡੀ ਵਿਚ ਕਰੀਬ 25-30 ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੰਡੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਚੌਧਰੀਆਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਆਡ਼੍ਹਤੀ ਦੀ ਦੁਕਾਨ ਵਿਚ ਕਾਫੀ ਭੰਨ-ਤੋਡ਼ ਹੋਈ। ਹਮਲੇ  ’ਚ ਇਕ ਚੌਧਰੀ ਦੇ ਗੰਭੀਰ ਸੱਟਾਂ ਲੱਗੀਆਂ, ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਜਦਕਿ 3 ਹੋਰ ਮਜ਼ਦੂਰ ਜ਼ਖਮੀ ਹੋ ਗਏ।
ਮਜ਼ਦੂਰ ਨੇ ਦੌਡ਼ ਕੇ ਦੁਕਾਨਾਂ ਵਿਚ ਲੁਕ ਕੇ ਆਪਣੀ ਜਾਨ ਬਚਾਈ। ਵਰਣਨਯੋਗ ਹੈ ਕਿ ਮੰਡੀ ਦੇ ਬਾਹਰ ਜੀ. ਟੀ. ਰੋਡ ’ਤੇ ਪੁਲਸ ਦਾ ਨਾਕਾ ਲੱਗਾ ਹੁੰਦਾ ਹੈ, ਜਿਸ ਦੇ ਬਾਵਜੂਦ ਹਥਿਆਰਬੰਦ ਅਨਸਰਾਂ ਨੇ ਜ਼ਬਰਦਸਤ ਧੱਕੇਸ਼ਾਹੀ ਕੀਤੀ। ਇਸ ਦੇ ਵਿਰੋਧ ਵਿਚ ਅਤੇ ਮੁਲਜ਼ਮਾਂ ਦੇ ਫਡ਼ੇ ਜਾਣ ਤੱਕ ਆਡ਼੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੁਪਤਾ, ਮੈਂਬਰਾਂ  ਤੇ ਮਜ਼ਦੂਰਾਂ ਵਲੋਂ 19 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਮੰਡੀ ਵਿਚ ਕਾਰੋਬਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੰਡੀ ਦੇ ਸ਼ੈੱਡ ਵਿਚ ਪਈਆਂ ਮੱਕੀ ਦੀਅਾਂ ਬੋਰੀਆਂ ’ਤੇ ਕੁਝ ਨਸ਼ੇਡ਼ੀ ਰੋਜ਼ਾਨਾ ਆ ਕੇ ਖੁੱਲ੍ਹੇਆਮ ਨਸ਼ਾ ਕਰਦੇ ਸਨ, ਤਾਸ਼ ਖੇਡਦੇ ਸਨ ਅਤੇ ਬੋਰੀਆਂ ’ਤੇ ਹੀ ਸੌਂ ਜਾਂਦੇ ਸਨ। ਰੋਜ਼ਾਨਾ ਸਵੇਰੇ ਬੋਰੀਆਂ ਡਿੱਗੀਆਂ ਹੁੰਦੀਆਂ ਸਨ ਅਤੇ   ਪਾਟ ਜਾਂਦੀਆਂ ਸਨ।
PunjabKesari
ਇਸ ਸਬੰਧੀ ਅੱਜ ਸ਼ਾਮ ਮਜ਼ਦੂਰਾਂ ਦੇ ਇਕ ਚੌਧਰੀ ਅਤਾਬੁਲ ਉਰਫ ਬਾਦਲ (38) ਨੇ ਇਨ੍ਹਾਂ ਨੌਜਵਾਨਾਂ  ਦੇ ਇਥੇ ਇਸ  ਤਰ੍ਹਾਂ ਬੈਠਣ ’ਤੇ ਇਤਰਾਜ਼ ਕੀਤਾ, ਜਿਸ ’ਤੇ ਕਥਿਤ ਤੌਰ ’ਤੇ ਨਸ਼ੇ ਵਿਚ ਚੂਰ ਇਨ੍ਹਾਂ ਨੌਜਵਾਨਾਂ ਨੇ ਪਹਿਲਾਂ ਗਾਲੀ-ਗਲੋਚ ਕੀਤਾ ਅਤੇ ਫੋਨ ਰਾਹੀਂ ਆਪਣੇ ਸਾਥੀ ਸੱਦ ਲਏ। ਕੁਝ ਹੀ ਸਮੇਂ ਵਿਚ 5-6 ਮੋਟਰਸਾਈਕਲਾਂ ’ਤੇ ਅਣਪਛਾਤੇ  ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਮੰਡੀ ਵਿਚ ਆ ਗਏ ਅਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। 
ਪ੍ਰਤਖਦਰਸ਼ੀਅਾਂ ਨੇ ਦੱਸਿਆ ਕਿ ਇਸ ਦੌਰਾਨ  ਧੱਕੇਸ਼ਾਹੀ ਕਰਦੇ ਨੌਜਵਾਨ ਮਜ਼ਦੂਰਾਂ ਦੇ ਪਿੱਛੇ ਬੇਸਬੈਟ, ਲੋਹੇ ਦੀ ਰਾਡ, ਦਾਤ ਆਦਿ ਲੈ ਕੇ ਭੱਜੇ ਅਤੇ ਮਜ਼ਦੂਰਾਂ ਨੇ ਦੁਕਾਨਾਂ ਵਿਚ ਲੁਕ ਕੇ ਜਾਨ ਬਚਾਈ।  ਇਸ  ਦੌਰਾਨ ਚੌਧਰੀ ਅਤਾਬੁਲ,  ਚੌਧਰੀ ਅਖਤਰ, ਚੌਧਰੀ ਮੋਤੀ ਜ਼ਖਮੀ ਹੋਏ, ਜਿਨ੍ਹਾਂ ’ਚੋਂ 2 ਨੂੰ ਮੁਢਲੀ ਡਾਕਟਰੀ ਸਹਾਇਤਾ ਕਰਤਾਰਪੁਰ ਵਿਖੇ ਹੀ ਮਿਲ ਗਈ, ਜਦਕਿ ਇਕ ਨੂੰ ਜਲੰਧਰ ਰੈਫਰ ਕਰਨਾ ਪਿਆ। ਇਸ ਮੌਕੇ ਹਾਜ਼ਰ ਆਡ਼੍ਹਤੀਆਂ  ਵਿਚ ਸਤੀਸ਼ ਗੁਪਤਾ, ਵਿਜੇ ਅਗਰਵਾਲ, ਮੰਯਕ ਗੁਪਤ, ਵਿੱਕੀ ਭੰਡਾਰੀ, ਪਵਨ ਮਰਵਾਹਾ, ਜੋਗਿੰਦਰ ਪੱਤਡ਼, ਸ਼ਿਵ ਧੀਰ, ਕੁਲਵਿੰਦਰ ਸਿੰਘ ਲੁੱਡੀ, ਸਰਦੂਲ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੱਕ ਪੁਲਸ  ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਲੈਂਦੀ, ਮੰਡੀ ਵਿਚ ਕੰਮਕਾਜ ਬੰਦ ਰਹੇਗਾ।
ਇਸ ਮੌਕੇ ਥਾਣਾ ਮੁਖੀ ਪਰਮਜੀਤ ਸਿੰਘ, ਏ. ਐੱਸ. ਆਈ. ਸੁਖਦੇਵ ਸਿੰਘ ਵੀ ਮੌਕੇ ’ਤੇ ਪੁੱਜੇ ਤੇ ਜਾਣਕਾਰੀ ਹਾਸਲ  ਕੀਤੀ।   ਉਨ੍ਹਾਂ  ਮੁਲਜ਼ਮਾਂ  ਨੂੰ  ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਸ਼ਰਾਰਤੀ ਅਨਸਰਾਂ ਦਾ ਇਕ ਮੋਟਰਸਾਈਕਲ ਮੰਡੀ ਵਿਚ ਰਹਿ ਗਿਆ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ। 


Related News