ਕੁਸੁਮ ਦੀ ਬਹਾਦਰੀ ਨੂੰ ਸਲਾਮ : CIA ਦੇ ਡਰੋਂ ਹੁਸ਼ਿਆਰਪੁਰ ''ਚ ਸਰੰਡਰ ਕਰ ਗਿਆ ਦੂਜਾ ਸਨੈਚਰ
Friday, Sep 04, 2020 - 10:12 AM (IST)
ਜਲੰਧਰ (ਜ. ਬ.)— ਬਹਾਦਰ ਕੁਸੁਮ ਦੇ ਕੇਸ 'ਚ ਜਲੰਧਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ/1 ਰਾਹੀਂ ਲਗਾਤਾਰ ਸਨੈਚਰ ਦੇ ਪਰਿਵਾਰ ਵਾਲਿਆਂ 'ਤੇ ਪਾਏ ਜਾ ਰਹੇ ਦਬਾਅ ਕਾਰਨ ਹੁਸ਼ਿਆਰਪੁਰ 'ਚ ਜਾ ਕੇ ਸਨੈਚਰ ਨੇ ਸਰੰਡਰ ਕਰ ਦਿੱਤਾ। ਇਹ ਸਨੈਚਰ ਵਿਨੋਦ ਕੁਮਾਰ ਪੁੱਤਰ ਯਸ਼ ਪਾਲ ਵਾਸੀ ਰੇਲਵੇ ਕਾਲੋਨੀ ਦਾ ਹੈ, ਜੋ ਫਰਾਰ ਸੀ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਕੁਸੁਮ ਨਾਲ ਸਨੈਚਿੰਗ ਕੀਤੀ ਸੀ, ਜੋ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਮਾਮਲੇ 'ਚ ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ ਦੀ ਡਿਊਟੀ ਲਾਈ ਗਈ ਸੀ। ਹਰਮਿੰਦਰ ਸਿੰਘ ਨੇ ਮੁਲਜ਼ਮ ਦੀ ਭਾਲ ਕਰਦੇ ਹੋਏ 2 ਸਤੰਬਰ ਨੂੰ ਮੁਲਜ਼ਮ ਦੇ ਪਰਿਵਾਰ ਵਾਲਿਆਂ ਦੇ ਘਰ ਛਾਪਾਮਾਰੀ ਕੀਤੀ। ਜਲੰਧਰ ਪੁਲਸ ਦੇ ਦਬਾਅ ਕਰਕੇ ਮੁਲਜ਼ਮ ਦੇ ਮਾਮੇ ਸਮੇਤ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਪੇਸ਼ ਕਰਨ ਦੀ ਗੱਲ ਕਹੀ ਪਰ ਸੀ. ਆਈ. ਏ. ਜਲੰਧਰ ਦਾ ਖ਼ੌਫ਼ ਵੇਖਦੇ ਹੋਏ ਮੁਲਜ਼ਮ ਵਿਨੋਦ ਕੁਮਾਰ ਨੇ ਹੁਸ਼ਿਆਰਪੁਰ ਦੇ ਥਾਣੇ 'ਚ ਮਾਡਲ ਟਾਊਨ 'ਚ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ। ਜਲੰਧਰ ਪੁਲਸ ਛੇਤੀ ਹੀ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਜਲੰਧਰ ਦੇ ਦੀਨ ਦਿਆਲ ਉਪਾਦਿਆ ਨਗਰ 'ਚ ਬੀਤੇ ਦਿਨੀਂ ਇਕ ਬਹਾਦੁਰ ਕੁੜੀ ਵੱਲੋਂ ਲੁਟੇਰਿਆਂ ਨਾਲ ਜ਼ਬਰਦਸਤ ਟੱਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਕੁਸੂਮ ਨਾਂ ਦੀ ਕੁੜੀ ਟੀਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਕਿ ਰਾਹ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ। ਮੋਬਾਇਲ ਲੁੱਟਣ ਦੌਰਾਨ ਇਕ ਲੁਟੇਰਾ ਮੋਟਰਸਾਈਕਲ 'ਤੇ ਸਵਾਰ ਸੀ ਜਦੋਂ ਕਿ ਦੂਜਾ ਲੁਟੇਰਾ ਹੱਥ 'ਚ ਤੇਜ਼ਧਾਰ ਹਥਿਆਰ ਫੜ੍ਹੀ ਕੁੜੀ ਨੂੰ ਡਰਾ ਕੇ ਫਰਾਰ ਹੋਣ ਦੀ ਫਿਰਾਕ 'ਚ ਸੀ ਪਰ ਕੁੜੀ ਬਿਨਾਂ ਡਰੇ ਲੁਟੇਰੇ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਇਸ ਦੌਰਾਨ ਲੁਟੇਰੇ ਨੇ ਕੁੜੀ ਦੀ ਗੁੱਟ ਵੀ ਵੱਢ ਦਿੱਤਾ ਸੀ।