'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ

Wednesday, Oct 12, 2022 - 11:23 PM (IST)

'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ

ਬੰਗਾ (ਚਮਨ ਲਾਲ/ਰਾਕੇਸ਼) : ਅੱਜ ਦੇਰ ਸ਼ਾਮ ਬੰਗਾ ਦੇ ਸਥਾਨਕ ਗਾਂਧੀ ਨਗਰ ਵਾਰਡ-13 ਦੀ ਗਲੀ ਨੰਬਰ 6 ਦੇ ਵਸਨੀਕ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਨਰਿੰਦਰ ਸ਼ਰਮਾ ਦੇ ਪੁੱਤਰ ਵਰੁਣ 'ਤੇ 3 ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਉਸ ਦੇ ਘਰ ਵਿੱਚ ਆ ਕੇ ਜਾਨਲੇਵਾ ਹਮਲਾ ਕਰ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਰੁਣ ਆਪਣੇ ਦੋਸਤ ਵਿਕਾਸ ਨਾਲ ਮੋਟਰਸਾਈਕਲ 'ਤੇ ਦੇਰ ਸ਼ਾਮ ਬਾਜ਼ਾਰ ਤੋਂ ਘਰ ਆਇਆ ਸੀ, ਜਿਵੇਂ ਹੀ ਉਹ ਆਪਣੇ ਘਰ ਨੇੜੇ ਪੁੱਜਾ ਤਾਂ ਉਸ ਦੀ ਉਡੀਕ 'ਚ ਪਹਿਲਾਂ ਤੋਂ ਹੀ ਬੈਠੇ ਹਮਲਾਵਰਾਂ ਨੇ ਉਨ੍ਹਾਂ ਦੇ ਮੋਟਰਸਾਈਕਲ 'ਚ ਆਪਣਾ ਮੋਟਰਸਾਈਕਲ ਮਾਰ 'ਤੇ ਵਰੁਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ।

ਇਹ ਵੀ ਪੜ੍ਹੋ : ਗੈਂਗਸਟਰ ਦੀ ਪਿੱਠ ਥਪਥਪਾਉਣ 'ਤੇ ਵਿਵਾਦਾਂ 'ਚ ਘਿਰੇ ਮੋਗਾ ਦੇ CIA ਇੰਚਾਰਜ

ਇਸ ਦੌਰਾਨ ਵਰੁਣ ਦੇ ਸਿਰ ਤੋਂ ਇਲਾਵਾ ਸਰੀਰ ਦੇ ਕਈ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗੀਆਂ। ਰੌਲਾ ਸੁਣ ਕੇ ਮੁਹੱਲੇ ਦੇ ਲੋਕ ਇਕੱਠਾ ਹੁੰਦੇ ਦੇਖ ਹਮਲਾਵਰ ਮੌਕੇ ਤੋਂ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਏ, ਜਦੋਂ ਕਿ ਲੋਕਾਂ ਨੇ ਵਰੁਣ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਤੇ ਇਸ ਦੀ ਜਾਣਕਾਰੀ ਬੰਗਾ ਸਿਟੀ ਪੁਲਸ ਨੂੰ ਦਿੱਤੀ। ਕੁਝ ਮਿੰਟਾਂ ਬਾਅਦ ਮੌਕੇ 'ਤੇ ਪੁਲਸ ਪੁੱਜ ਗਈ ਅਤੇ ਹਮਲਾਵਰਾਂ ਵੱਲੋਂ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਉਕਤ ਹਮਲਾਵਰਾਂ ਨੇ ਇਹ ਹਮਲਾ ਕਿਉਂ ਕੀਤਾ।

ਕੀ ਕਹਿਣਾ ਹੈ ਪੁਲਸ ਦਾ: ਮੌਕੇ 'ਤੇ ਪੁੱਜੇ ਏ.ਐੱਸ.ਆਈ. ਕੇਵਲ ਕ੍ਰਿਸ਼ਨ ਤੇ ਏ.ਐੱਸ.ਆਈ. ਰਾਮ ਲਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਮਲਾਵਰਾਂ ਵੱਲੋਂ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : PCA ਪ੍ਰਧਾਨ ਵਿਰੁੱਧ ਦੋਸ਼ਾਂ ਦੀ ਸੁਤੰਤਰ ਜਾਂਚ CBI ਤੋਂ ਕਰਵਾਈ ਜਾਵੇ, ਮਜੀਠੀਆ ਦੀ BCCI ਨੂੰ ਅਪੀਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News