ਗੁਆਂਢੀਆਂ ਨੇ ਕੀਤਾ ਡਾਕਟਰ, ਵਕੀਲ ਤੇ ਔਰਤ ''ਤੇ ਜਾਨਲੇਵਾ ਹਮਲਾ
Saturday, Jan 27, 2018 - 11:39 AM (IST)

ਜਲੰਧਰ (ਸ਼ੋਰੀ)— ਕਰਤਾਰਪੁਰ ਰੋਡ ਅਧੀਨ ਪੈਂਦੇ ਪਿੰਡ ਪੱਤੜ ਕਲਾਂ ਵਿਚ 6 ਜਣਿਆਂ ਨੇ ਇਕ ਡਾਕਟਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰ ਦਿੱਤਾ। ਡਾਕਟਰ ਦੀ ਵਕੀਲ ਪੁੱਤਰੀ ਅਤੇ ਉਸ ਦੀ ਪਤਨੀ ਨੂੰ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਕੇ ਲਹੂ-ਲੁਹਾਣ ਕਰ ਦਿੱਤਾ। ਮੌਕੇ 'ਤੇ ਇਲਾਕੇ ਦੇ ਲੋਕਾਂ ਨੇ ਜ਼ਖਮੀਆਂ ਨੂੰ ਬਚਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਥਾਣਾ ਮਕਸੂਦਾਂ ਦੀ ਪੁਲਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਡਾ. ਰਵਿੰਦਰ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਪੱਤੜ ਕਲਾਂ ਨੇ ਦੱਸਿਆ ਕਿ ਉਸ ਦੀ ਪੁੱਤਰੀ ਰੇਨੂੰ ਅਰੋੜਾ ਜੋ ਕਿ ਵਕੀਲ ਹੈ, ਉਹ ਕਾਰ ਗਲੀ ਵਿਚ ਖੜ੍ਹੀ ਕਰਦੀ ਹੈ। ਇਸ ਕਾਰਨ ਗੁਆਂਢੀ ਅਕਵਿੰਦਰ ਸਿੰਘ ਉਸ ਨਾਲ ਝਗੜਾ ਕਰਨ ਲੱਗੇ। ਇਸ ਬਾਬਤ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਥਾਣਾ ਮਕਸੂਦਾਂ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਪੁਲਸ ਨੇ ਅਕਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਅਮਨ-ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕੀਤਾ। ਇਸ ਕੇਸ ਵਿਚ ਮੁਲਜ਼ਮਾਂ ਦੀ ਤਰੀਕ ਪੈਣੀ ਸ਼ੁਰੂ ਹੋ ਗਈ, ਜਿਸ ਕਾਰਨ ਉਹ ਰੰਜਿਸ਼ ਰੱਖਣ ਲੱਗੇ। ਵੀਰਵਾਰ ਅਕਵਿੰਦਰ ਸਿੰਘ, ਉਸ ਦੀ ਪਤਨੀ ਜਸਪ੍ਰੀਤ ਕੌਰ, ਦੂਜੇ ਗੁਆਂਢੀ ਕੁਲਵਰਨ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਤੇ ਤੀਜੇ ਗੁਆਂਢੀ ਹਰਮਿੰਦਰਜੀਤ ਸਿੰਘ, ਉਸ ਦੀ ਪਤਨੀ ਸਤਿੰਦਰ ਕੌਰ ਨੇ ਮਿਲ ਕੇ ਉਸ ਨੂੰ ਘਰ ਦੇ ਬਾਹਰ ਰੋਕ ਕੇ ਹਮਲਾ ਕੀਤਾ।
ਜ਼ਖਮੀ ਡਾ. ਅਰੋੜਾ ਮੁਤਾਬਕ ਇਸ ਦੌਰਾਨ ਉਸ ਨੂੰ ਬਚਾਉਣ ਆਈ ਉਸ ਦੀ ਬੇਟੀ ਰੇਨੂੰ ਅਤੇ ਪਤਨੀ ਰੂਬੀ ਅਰੋੜਾ 'ਤੇ ਹਮਲਾਵਰ ਟੁੱਟ ਪਏ ਅਤੇ ਰੂਬੀ ਦੇ ਹੱਥ ਵਿਚ ਪਾਇਆ ਸੋਨੇ ਦਾ ਕੜਾ ਵੀ ਉਤਾਰ ਕੇ ਲੈ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਰਘੁਨਾਥ ਸਿੰਘ ਨੇ ਦੱਸਿਆ ਕਿ ਪੁਲਸ ਨੇ ਡਾਕਟਰ ਤੇ ਉਸਦੇ ਪਰਿਵਾਰ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਹੱਤਿਆ ਦੀ ਕੋਸ਼ਿਸ਼ ਅਤੇ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਦੂਜੇ ਪੱਖ ਵਿਚ ਕੁੱਝ ਲੋਕ ਜ਼ਖ਼ਮੀ ਹੋਏ ਹਨ ਪਰ ਕੋਈ ਸ਼ਿਕਾਇਤ ਨਹੀਂ ਆਈ।