ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼

Friday, Jul 26, 2024 - 01:11 PM (IST)

ਜਲੰਧਰ ਕੈਂਟ ਸਟੇਸ਼ਨ 'ਤੇ ਪਈਆਂ ਭਾਜੜਾਂ, ਟਰੇਨ ਦੇ ਬਾਥਰੂਮ ’ਚੋਂ ਮਿਲੀ ਪਠਾਨਕੋਟ ਦੇ ਨੌਜਵਾਨ ਦੀ ਲਾਸ਼

ਜਲੰਧਰ (ਮਹੇਸ਼)- ਆਪਣੇ ਛੋਟੇ ਭਰਾ ਨਾਲ ਪਠਾਨਕੋਟ ਤੋਂ ਚੰਡੀਗੜ੍ਹ ਜਾ ਰਹੇ 30 ਸਾਲਾ ਨੌਜਵਾਨ ਦੀ ਜੰਮੂ ਤੋਂ ਹਰਿਦੁਆਰ ਜਾ ਰਹੀ ਹੇਮਕੁੰਟ ਐਕਸਪ੍ਰੈੱਸ ਦੇ ਬਾਥਰੂਮ ’ਚੋਂ ਲਾਸ਼ ਮਿਲੀ ਹੈ, ਜਿਸ ਨੂੰ ਰੇਲਵੇ ਪੁਲਸ ਜਲੰਧਰ ਛਾਉਣੀ ਨੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜੀ. ਆਰ. ਪੀ. ਚੌਂਕੀ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹੇਮਕੁੰਟ ਐਕਸਪ੍ਰੈੱਸ ਦੇ ਜਨਰਲ ਡੱਬੇ ਦੇ ਬਾਥਰੂਮ ’ਚ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਹੈ, ਜਿਸ ’ਤੇ ਉਨ੍ਹਾਂ ਟਰੇਨ ਦੇ ਜਲੰਧਰ ਕੈਂਟ ਸਟੇਸ਼ਨ ’ਤੇ ਪਹੁੰਚਣ ’ਤੇ ਉਕਤ ਨੌਜਵਾਨ ਨੂੰ ਗੱਡੀ ਤੋਂ ਬਾਹਰ ਕੱਢਿਆ ਅਤੇ ਮੌਕੇ ’ਤੇ ਰੇਲਵੇ ਹਸਪਤਾਲ ਦੇ ਡਾਕਟਰ ਨੂੰ ਬੁਲਾਇਆ ਗਿਆ, ਜਿਸ ਨੇ ਨੌਜਵਾਨ ਨੂੰ ਵੇਖ ਕੇ ਦੱਸਿਆ ਕਿ ਉਹ ਮਰ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ

ਚੌਂਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅੰਕੁਸ਼ ਕੁਮਾਰ ਪੁੱਤਰ ਸੇਵਾ ਰਾਮ ਵਾਸੀ ਪਠਾਨਕੋਟ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਅੰਕੁਸ਼ ਦੇ ਛੋਟੇ ਭਰਾ ਧਰੁਵ (17), ਜੋਕਿ ਪਠਾਨਕੋਟ ’ਚ 12ਵੀਂ ’ਚ ਪੜ੍ਹਦਾ ਹੈ, ਨੇ ਦੱਸਿਆ ਕਿ ਉਸ ਦਾ ਭਰਾ ਚੰਡੀਗੜ੍ਹ ’ਚ ਡਰਾਈਵਰੀ ਦਾ ਕੰਮ ਕਰਦਾ ਸੀ। ਉਹ ਕਿਸੇ ਅਧਿਆਪਕ ਦੀ ਕਾਰ ਚਲਾਉਂਦਾ ਸੀ। ਧਰੁਵ ਨੇ ਦੱਸਿਆ ਕਿ ਉਹ ਵੀ ਆਪਣੇ ਭਰਾ ਨਾਲ ਚੰਡੀਗੜ੍ਹ ਘੁੰਮਣ ਲਈ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਟਰੇਨ ਟਾਂਡਾ ਨੇੜੇ ਪੁੱਜੀ ਤਾਂ ਉਸ ਦਾ ਭਰਾ ਅੰਕੁਸ਼ ਬਾਥਰੂਮ ਗਿਆ ਪਰ ਕਾਫ਼ੀ ਦੇਰ ਬਾਅਦ ਵੀ ਜਦੋਂ ਉਹ ਬਾਥਰੂਮ ਤੋਂ ਬਾਹਰ ਨਾ ਆਇਆ ਤਾਂ ਬਾਥਰੂਮ ਦੇ ਬਾਹਰ ਖੜ੍ਹੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਥਰੂਮ ਦੀ ਕੁੰਡੀ ਖੋਲ੍ਹ ਕੇ ਵੇਖਿਆ ਕਿ ਅੰਕੁਸ਼ ਬਾਥਰੂਮ ’ਚ ਬੇਹੋਸ਼ ਹੋ ਗਿਆ ਸੀ। ਮ੍ਰਿਤਕ ਅੰਕੁਸ਼ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਹ ਆਪਣੀ ਮਾਂ ਤੇ ਭਰਾ ਦਾ ਖ਼ਰਚਾ ਚੁੱਕਣ ਵਾਲਾ ਸੀ।

ਪਤਾ ਲੱਗਾ ਹੈ ਕਿ ਜਿਵੇਂ ਹੀ ਮਾਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਵੀ ਸਦਮਾ ਨਾ ਸਹਾਰਦਿਆਂ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ। ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਧਰੁਵ ਤੇ ਮੌਕੇ ’ਤੇ ਪੁੱਜੇ ਮ੍ਰਿਤਕ ਦੇ ਮਾਮੇ ਦੇ ਬਿਆਨਾਂ ’ਤੇ ਪੁਲਸ ਨੇ ਧਾਰਾ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਕੁਸ਼ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਇਹ ਵੀ ਪੜ੍ਹੋ- ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News