ਜਲੰਧਰ: ਦੋਸਤਾਂ ਨੂੰ ਮਿਲਣ ਗਏ ਨੌਜਵਾਨ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ, ਪਰਿਵਾਰ ਨੇ ਲਾਏ ਕਤਲ ਦੇ ਦੋਸ਼
Sunday, May 25, 2025 - 12:50 PM (IST)

ਜਲੰਧਰ (ਵਰੁਣ, ਕੁੰਦਨ, ਪੰਕਜ)–ਫੋਲੜੀਵਾਲ ਗੰਦੇ ਨਾਲੇ ਕੋਲ ਇਕ ਨੌਜਵਾਨ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ ਹੈ। ਰਾਹਗੀਰਾਂ ਨੇ ਲਾਸ਼ ਵੇਖੀ ਤਾਂ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਨੇ ਮ੍ਰਿਤਕ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਕੁਲਪ੍ਰੀਤ (19) ਪੁੱਤਰ ਕਿਸ਼ਨ ਭਾਨ ਵਾਸੀ ਨਿਊ ਜਵਾਹਰ ਨਗਰ ਵਜੋਂ ਹੋਈ।
ਮਾਲੀ ਦਾ ਕੰਮ ਕਰਦੇ ਕਿਸ਼ਨ ਭਾਨ ਨੇ ਦੱਸਿਆ ਕਿ ਉਸ ਦਾ ਬੇਟਾ ਹਾਲ ਹੀ ਵਿਚ 12ਵੀਂ ਜਮਾਤ ਵਿਚੋਂ ਪਾਸ ਹੋਇਆ ਸੀ। ਸ਼ੁੱਕਰਵਾਰ ਨੂੰ ਉਹ ਆਪਣੀ ਬਾਈਕ ਛੱਡ ਕੇ ਛੋਟੀ ਭੈਣ ਦਾ ਸਾਈਕਲ ਲੈ ਕੇ ਦੋਸਤਾਂ ਕੋਲ ਜਾਣ ਦਾ ਕਹਿ ਕੇ ਗਿਆ ਸੀ। ਉਸ ਕੋਲ ਕੁਝ ਪੈਸੇ ਵੀ ਸਨ। ਰਾਤ ਭਰ ਉਹ ਨਹੀਂ ਆਇਆ। ਉਨ੍ਹਾਂ ਨੂੰ ਲੱਗਾ ਕਿ ਦੋਸਤ ਕੋਲ ਸੌਂ ਗਿਆ ਹੋਵੇਗਾ। ਦੇਰ ਰਾਤ ਉਸ ਦਾ ਮੋਬਾਇਲ ਬੰਦ ਹੋ ਗਿਆ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦਾ ਫੋਲੜੀਵਾਲ ਗੰਦੇ ਨਾਲੇ ਕੋਲ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਬੇਟਾ ਖ਼ੂਨ ਨਾਲ ਲਥਪਥ ਸੀ। ਨੱਕ ਵਿਚੋਂ ਝੱਗ ਨਿਕਲ ਰਹੀ ਸੀ। ਕਿਸ਼ਨ ਭਾਨ ਨੇ ਕਿਹਾ ਕਿ ਬੇਟੇ ਦੀਆਂ ਜੇਬਾਂ ਵਿਚੋਂ ਪੈਸੇ ਅਤੇ ਮੋਬਾਇਲ ਨਹੀਂ ਮਿਲਿਆ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਕੁਲਪ੍ਰੀਤ ਦਾ ਕਤਲ ਹੋਇਆ ਹੈ ਅਤੇ ਉਸ ਦਾ ਸਾਮਾਨ ਲੁੱਟ ਲਿਆ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਨੇ ਉਜਾੜਿਆ ਘਰ, ਤਿਰੰਗੇ ਦਾ ਪੋਲ ਨੌਜਵਾਨ ’ਤੇ ਡਿੱਗਿਆ, ਦਰਦਨਾਕ ਮੌਤ
ਉਥੇ ਹੀ ਪੁਲਸ ਦਾ ਦਾਅਵਾ ਹੈ ਕਿ ਮਾਮਲਾ ਕਤਲ ਦਾ ਨਹੀਂ, ਸਗੋਂ ਸੜਕ ਹਾਦਸੇ ਦਾ ਹੈ। ਕੁਲਪ੍ਰੀਤ ਦੇ ਜੋ ਸੱਟਾਂ ਲੱਗੀਆਂ ਹਨ, ਅਜਿਹੀਆਂ ਸੱਟਾਂ ਐਕਸੀਡੈਂਟ ਵਿਚ ਲੱਗਦੀਆਂ ਹਨ। ਕਿਸੇ ਤਰ੍ਹਾਂ ਦੇ ਨੁਕੀਲੇ ਜਾਂ ਤੇਜ਼ਧਾਰ ਹਥਿਆਰ ਦਾ ਕੋਈ ਨਿਸ਼ਾਨ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਕੋਈ ਨਸ਼ੇੜੀ ਨੌਜਵਾਨ ਦੀ ਜੇਬ ਵਿਚੋਂ ਪੈਸੇ ਅਤੇ ਮੋਬਾਇਲ ਕੱਢ ਕੇ ਲੈ ਗਿਆ ਹੋਵੇ, ਬਾਕੀ ਸੱਚਾਈ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਸਾਹਮਣੇ ਆਵੇਗੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ 'ਤੇ ਐਕਸ਼ਨ ਮਗਰੋਂ ਹੋਰ ਵਿਧਾਇਕ ਤੇ ਨੇਤਾ ਵੀ ਸਰਕਾਰ ਦੀ ਰਾਡਾਰ ’ਤੇ, ਡਿੱਗੇਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e