ਕਦੇ ਕਿਸੀ ਮਾਂ ਦਾ ਪੁੱਤਰ ਵਿਦੇਸ਼ੋਂ ਇਦਾ ਨਾ ਆਵੇ, ਜਿੱਦਾ ਬਕਸੇ ''ਚ ਬੰਦ ਸਿਮਰਨਜੀਤ ਆਇਆ, ਦੇਖੋ ਤ੍ਰਾਹ ਕੱਢਦੀਆਂ ਤਸਵੀਰਾਂ

07/14/2017 1:23:56 PM

ਬੇਗੋਵਾਲ— ਵਿਦੇਸ਼ ਗਏ ਪੁੱਤਰਾਂ ਦੀ ਵਾਪਸੀ ਦੀ ਤਾਂਘ ਤਾਂ ਹਰ ਮਾਤਾ-ਪਿਤਾ ਨੂੰ ਰਹਿੰਦੀ ਹੈ ਪਰ ਨਾਲ ਹੀ ਇਹ ਹੂਕ ਉੱਠਦੀ ਹੈ ਕਿ ਇਸ ਤਰ੍ਹਾਂ ਦੀ ਵਾਪਸੀ ਕਿਸੇ ਨੌਜਵਾਨ ਦੀ ਨਾ ਹੋਵੇ, ਜਿੱਦਾ ਦੀ ਬੇਗੋਵਾਲ ਦੇ ਇਸ ਨੌਜਵਾਨ ਦੀ ਹੋਈ। ਫਰਾਂਸ ਗਏ ਬੇਗੋਵਾਲ ਦੇ 23 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਦੀ ਪਿੰਡ ਵਾਪਸੀ ਤਾਂ ਹੋਈ ਪਰ ਬਕਸੇ ਵਿਚ। ਜਿਸ ਪੁੱਤਰ ਨੂੰ ਮਾਪਿਆਂ ਨੇ ਹੱਸਦੇ-ਖੇਡਦੇ ਨੂੰ ਤੋਰਿਆ ਸੀ ਉਹ ਅੱਜ ਬਕਸੇ ਵਿਚ ਇਕ ਲਾਸ਼ ਬਣ ਕੇ ਆਇਆ। ਦੱਸ ਦੇਈਏ ਕਿ ਸਿਮਰਨਜੀਤ ਦੀ ਮੌਤ 7 ਜੂਨ ਨੂੰ ਪੰਜਵੀਂ ਮੰਜ਼ਿਲ ਤੋਂ ਹੇਠਾਂ ਡਿਗਣ ਕਰਕੇ ਹੋਈ ਸੀ। ਸਿਮਰਨਜੀਤ ਦੇ ਮਾਤਾ-ਪਿਤਾ ਨੇ ਆਪਣਾ ਘਰਬਾਰ ਵੇਚ ਕੇ ਉਸ ਨੂੰ ਵਿਦੇਸ਼ ਤੋਰਿਆ ਸੀ ਪਰ ਇਹ ਚੰਦਰਾ ਵਿਦੇਸ਼ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਹੀ ਖਾ ਗਿਆ। ਜਵਾਨ ਪੁੱਤਰ ਦੀ ਲਾਸ਼ ਜਦੋਂ ਪਿੰਡ ਢੁਕੀ ਤਾਂ ਮਾਪਿਆਂ ਦਾ ਵਿਰਲਾਪ ਰੂਹ ਹਰ ਕਿਸੇ ਦੀ ਰੂਹ ਚੀਰ ਗਿਆ। ਪਿੰਡ ਦਾ ਚੱਪਾ-ਚੱਪਾ ਉਸ ਵਿਰਲਾਪ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਿਆ ਅਤੇ ਹਰ ਸੁਣਨ ਵਾਲੇ ਦੇ ਦਿਲ ਨੂੰ ਅਜਿਹੀ ਧੂਹ ਪਈ ਕਿ ਹੰਝੂ ਆਪ-ਮੁਹਾਰੇ ਹਰ ਅੱਖ 'ਚੋਂ ਵਹਿ ਤੁਰੇ। 
ਸਿਰਮਨਜੀਤ ਪਹਿਲਾਂ ਨੇਵੀ ਵਿਚ ਸੀ, ਉੱਥੇ ਸ਼ਿੱਪ ਡੁੱਬਣ ਦੇ ਇਕ ਹਾਦਸੇ ਵਿਚ ਉਸ ਨੇ ਮੌਤ ਨੂੰ ਇੰਨੀਂ ਕਰੀਬ ਤੋਂ ਦੇਖਿਆ ਕਿ ਉਸ ਦੀ ਮਾਂ ਨੇ ਆਪਣੇ ਕਾਲਜੇ ਦੇ ਟੁੱਕੜੇ ਨੂੰ ਉਸ ਖਤਰੇ ਵਿਚ ਵਾਪਸ ਨਾ ਜਾਣ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਿਮਰਨਜੀਤ ਨੂੰ ਆਪਣਾ ਘਰਬਾਰ ਵੇਚ ਕੇ ਫਰਾਂਸ ਭੇਜਿਆ। ਉੱਥੇ ਚਾਰ-ਪੰਜ ਮਹੀਨਿਆਂ ਤੱਕ ਕੰਮ ਨਾ ਮਿਲਣ ਕਰਕੇ ਪਰਿਵਾਰ 'ਤੇ ਕਰਜ਼ੇ ਤੇ ਵਿਆਜ਼ ਦਾ ਬੋਝ ਵਧਦਾ ਗਿਆ। ਹੁਣ ਜਦੋਂ ਉਸ ਨੂੰ ਕੰਮ ਮਿਲਿਆ ਸੀ ਅਤੇ ਉਸ ਨੇ ਆਪਣੇ ਟੱਬਰ ਦੀ ਜ਼ਿੰਮੇਵਾਰੀ ਚੁੱਕਣੀ ਸ਼ੁਰੂ ਕੀਤੀ ਤਾਂ ਅਜਿਹਾ ਭਾਣਾ ਵਾਪਰਿਆ ਕਿ ਬੁੱਢੇ ਮਾਪਿਆਂ ਦਾ ਲੱਕ ਹੀ ਟੁੱਟ ਗਿਆ। ਸਿਮਰਨਜੀਤ ਦੀ ਮ੍ਰਿਤਕ ਦੇਹ ਨੂੰ ਫਰਾਂਸ ਦੀ ਔਰਰ ਡਾਨ ਸੰਸਥਾ ਨੇ ਪੈਸੇ ਇਕੱਠੇ ਕਰਕੇ ਭਾਰਤ ਭੇਜਣ ਵਿਚ ਮਦਦ ਕੀਤੀ ਹੈ।
ਐਸੋਸੀਏਸ਼ਨ ਔਰਰ ਡਾਨ ਦੇ ਮੋਢੀ ਮੈਂਬਰਾਂ ਕੁਲਵਿੰਦਰ ਸਿੰਘ ਉਰਫ ਸੋਨੂੰ, ਬਿੱਟੂ ਬੰਗੜ, ਜਸਵੰਤ ਸਿੰਘ ਭਦਾਸ, ਕੁਲਦੀਪ ਸਿੰਘ ਭੂਲਪੁਰ, ਕਾਲਾ ਭੂਲਪੁਰ, ਮਿੰਟੂ, ਬਲਵਿੰਦਰ ਸਿੰਘ ਥਿੰਦ ਉਰਫ ਬਿੰਦਾ, ਸੋਨੂੰ ਜੈਦ ਬੱਸੀ, ਟੋਨੀ ਜੈਦਾਂ ਵਾਲੇ, ਇਕਬਾਲ ਸਿੰਘ ਭੱਟੀ ਅਤੇ ਚੀਮਾ ਬੇਗੋਵਾਲ ਆਦਿ ਨੇ ਜ਼ੈਲਦਾਰ ਉਰਫ ਸਿਮਰਨਜੀਤ ਦੀ ਅਸਹਿ ਅਤੇ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਨੂੰ ਕਿਹਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਔਰਰ-ਡਾਨ ਵੱਲੋਂ 2003 ਤੋਂ ਲੈ ਕੇ ਹੁਣ ਤੱਕ ਭੇਜੀਆਂ ਜਾਣ ਵਾਲੀਆਂ ਮ੍ਰਿਤਕ ਦੇਹਾਂ ਦੇ ਅੰਕੜਿਆਂ ਮੁਤਾਬਿਕ ਫਰਾਂਂਸ ਤੋਂ ਭੇਜੀ ਜਾਣ ਵਾਲੀ ਇਹ 107ਵੀਂ ਅਤੇ ਪਿੰਡ ਬੇਗੋਵਾਲ ਦੀ 5ਵੀਂ ਮ੍ਰਿਤਕ ਦੇਹ ਹੈ।


Kulvinder Mahi

News Editor

Related News