ਲਾਪਤਾ ਨੌਜਵਾਨ ਦੀ ਲਾਸ਼ ਨਹਿਰ ''ਚੋਂ ਬਰਾਮਦ

03/02/2018 4:45:53 AM

ਖੰਨਾ(ਸੁਨੀਲ)-ਪੁਲਸ ਜ਼ਿਲਾ ਖੰਨਾ ਦੇ ਅਧੀਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ 'ਚ ਸੋਮਵਾਰ ਤੋਂ ਲਾਪਤਾ ਹੋਏ ਇਕ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ (22) ਦੇ ਤੌਰ 'ਤੇ ਹੋਈ ਹੈ। ਪੁਲਸ ਵੱਲੋਂ ਇਸ ਸਬੰਧੀ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਜੋ ਕਿ ਵਿਆਹ-ਸ਼ਾਦੀਆਂ 'ਚ ਟੈਂਟ ਲਗਾਉਣ ਲਈ ਹੈਲਪਰ ਦੇ ਰੂਪ ਚ ਕੰਮ ਕਰਦਾ ਸੀ, ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਨੂੰ ਘਰ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਜਲਦੀ ਆ ਜਾਵੇਗਾ ਪਰ ਜਦੋਂ ਉਹ ਦੇਰ ਰਾਤ ਤਕ ਘਰ ਨਹੀਂ ਮੁੜਿਆ ਤਾਂ ਪਹਿਲਾਂ ਉਸ ਦੀ ਤਲਾਸ਼ ਰਿਸ਼ਤੇਦਾਰਾਂ ਦੇ ਨਾਲ-ਨਾਲ ਯਾਰਾਂ-ਦੋਸਤਾਂ ਕੋਲ ਕੀਤੀ ਗਈ ਪਰ ਜਦੋਂ ਉਸ ਦੀ ਕੋਈ ਜਾਣਕਾਰੀ ਪਤਾ ਨਹੀਂ ਲੱਗੀ ਤਾਂ ਇਹ ਮਾਮਲਾ ਪਿੰਡ ਦੀ ਪੰਚਾਇਤ ਦੇ ਸਾਹਮਣੇ ਲਿਆਂਦਾ ਗਿਆ, ਜਿਨ੍ਹਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਅੱਜ ਨਹਿਰ 'ਚ ਕਿਸੇ ਰਾਹਗੀਰ ਨੇ ਜਦੋਂ ਲਾਸ਼ ਨੂੰ ਵੇਖਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਨਾਖਤ ਲਈ ਬੁਲਾਇਆ। ਜਿਨ੍ਹਾਂ ਨੇ ਉਸ ਦੀ ਸ਼ਨਾਖਤ ਕਰ ਦਿੱਤੀ। ਦੱਸਣਯੋਗ ਹੈ ਕਿ ਮ੍ਰਿਤਕ ਘਰ 'ਚ ਕਮਾਉਣ ਵਾਲਾ ਇਕੱਲਾ ਹੀ ਸੀ।


Related News