ਬੱਚੇ ਦੀ ਲਾਸ਼ ਸਿਵਲ ਹਸਪਤਾਲ ''ਚ ਰੱਖ ਕੇ ਦਿੱਤਾ ਰੋਸ ਧਰਨਾ

Friday, Jul 14, 2017 - 01:45 AM (IST)

ਬੱਚੇ ਦੀ ਲਾਸ਼ ਸਿਵਲ ਹਸਪਤਾਲ ''ਚ ਰੱਖ ਕੇ ਦਿੱਤਾ ਰੋਸ ਧਰਨਾ

ਮਾਨਸਾ(ਜੱਸਲ)-ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਤੇ ਸੀ. ਪੀ. ਆਈ. (ਐੱਮ.) ਵੱਲੋਂ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਮ੍ਰਿਤਕ ਸਕੂਲੀ ਬੱਚੇ ਦੀ ਲਾਸ਼ ਸਿਵਲ ਹਸਪਤਾਲ ਮਾਨਸਾ 'ਚ ਰੱਖ ਕੇ ਰੋਸ ਧਰਨਾ ਦਿੱਤਾ ਗਿਆ। ਇਸ ਬੱਚੇ ਨੂੰ ਸਕੂਲ 'ਚ ਖੂਨ ਦੀ ਕਮੀ ਦੀਆਂ ਗੋਲੀਆਂ ਦੀ ਓਵਰਡੋਜ਼ ਦੇਣ 'ਤੇ ਬੇਹੋਸ਼ੀ ਦੀ ਹਾਲਤ 'ਚ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖਲ ਕਰਵਾਇਆ ਸੀ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮੌਕੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਕਾ. ਭਗਵੰਤ ਸਮਾਓਂ, ਸੀ. ਪੀ. ਆਈ. (ਐੱਮ.) ਲਿਬਰੇਸ਼ਨ ਦੇ ਐਡਵੋਕੇਟ ਕੁਲਵਿੰਦਰ ਉਡਤ, ਕਾ. ਬਲਵਿੰਦਰ ਸਿੰਘ ਘਰਾਂਗਣਾ, ਆਰ. ਐੱਮ. ਪੀ. ਆਈ. ਦੇ ਐਡਵੋਕੇਟ ਹਰਮੰਦਰ ਸਿੰਘ ਮਾਖਾ, ਮੱਖਣ ਸਿੰਘ ਉਡਤ, ਮਿੱਠੂ ਸਿੰਘ ਉਡਤ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਅਤੇ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਖਬਰ ਦੇ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ।


Related News