ਮੋਹਾਲੀ : ਬਾਦਲ ਦੇ ਕਰੀਬੀ ਕੋਲਿਆਂਵਾਲੀ ਅਦਾਲਤ 'ਚ ਪੇਸ਼

12/06/2018 2:24:20 PM

ਮੋਹਾਲੀ (ਕੁਲਦੀਪ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਭ੍ਰਿਸ਼ਟਾਚਾਰ ਮਾਮਲੇ ਸਬੰਧੀ ਵੀਰਵਾਰ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਹਾਈਕੋਰਟ ਵਲੋਂ ਕੋਲਿਆਂਵਾਲੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੋਲਿਆਂਵਾਲੀ ਨੇ ਸੁਪਰੀਮ ਕੋਰਟ 'ਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਕੋਲਿਆਂਵਾਲੀ ਨੂੰ ਅਦਾਲਤ 'ਚ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਦਾ ਕਹਿਣਾ ਸੀ ਕਿ ਜੇਕਰ ਕੋਲਿਆਂਵਾਲੀ ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਆਤਮ-ਸਮਰਪਣ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਸਕਦਾ ਹੈ, ਜਿਸ ਦੇ ਚੱਲਦਿਆਂ ਵੀਰਵਾਰ ਨੂੰ ਕੋਲਿਆਂਵਾਲੀ ਅਦਾਲਤ 'ਚ ਪੇਸ਼ ਹੋਏ।
ਜਾਣੋ ਕੀ ਹੈ ਪੂਰਾ ਮਾਮਲਾ 
ਦਿਆਲ ਸਿੰਘ ਕੋਲਿਆਂਵਾਲੀ 'ਤੇ ਵਿਜੀਲੈਂਸ ਨੇ ਸਾਲ 2007 ਤੋਂ 2017 ਤੱਕ ਸਰਕਾਰੀ ਚੇਅਰਮੈਨੀ ਦੇ ਅਹੁਦੇ 'ਤੇ ਰਹਿੰਦੇ ਹੋਏ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ਲਾਏ ਸਨ। ਇਨ੍ਹਾਂ ਦੋਸ਼ਾਂ ਤਹਿਤ ਵਿਜੀਲੈਂਸ ਨੇ ਕੋਲਿਆਂਵਾਲੀ 'ਤੇ ਮੋਹਾਲੀ 'ਚ 30 ਜੂਨ, 2018 ਨੂੰ ਮਾਮਲਾ ਵੀ ਦਰਜ ਕਰ ਲਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਕੋਲਿਆਂਵਾਲੀ ਅੰਡਰਗਰਾਊਂਡ ਹੋ ਗਏ ਸਨ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ 25 ਜੁਲਾਈ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ, ਹਾਲਾਂਕਿ ਉਹ 3-4 ਵਾਰ ਵਿਜੀਲੈਂਸ ਅਧਿਕਾਰੀ ਕੋਲ ਜਾਂਚ ਲਈ ਹਾਜ਼ਰ ਹੋ ਗਏ ਸਨ।


Babita

Content Editor

Related News