MP ਘੁਬਾਇਆ ਦੇ MLA ਪੁੱਤਰ ਵੱਲੋਂ ਲੇਡੀ ਐੱਸ. ਐੱਚ. ਓ. ਨੂੰ ਧਮਕੀ (ਵੀਡੀਓ)
Thursday, Nov 15, 2018 - 06:25 PM (IST)
ਜਲੰਧਰ/ਫਾਜ਼ਿਲਕਾ,(ਨਾਗਪਾਲ, ਲੀਲਾਧਰ)— ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਕਾਂਗਰਸ ਦੀ ਟਿਕਟ 'ਤੇ ਚੁਣੇ ਗਏ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਥਾਣਾ ਸਿਟੀ ਫਾਜ਼ਿਲਕਾ ਦੀ ਇੰਚਾਰਜ ਸਬ-ਇੰਸਪੈਕਟਰ ਲਵਮੀਤ ਕੌਰ ਨੂੰ ਧਮਕੀ ਦਿੱਤੇ ਜਾਣ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਡੀਓ 'ਚ ਘੁਬਾਇਆ ਮੈਡਮ ਨੂੰ ਉਨ੍ਹਾਂ ਦੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ, ਉਨ੍ਹਾਂ ਦਾ ਫੋਨ ਨਾ ਸੁਣਨ ਅਤੇ ਕੰਮ ਨਾ ਕਰਨ ਦੀ ਗੱਲ ਕਹਿ ਕੇ ਉਸ ਦੀ ਬਦਲੀ ਕਰਵਾਉਣ ਦੀ ਧਮਕੀ ਦੇ ਰਹੇ ਹਨ। ਇਸ 'ਤੇ ਮੈਡਮ ਲਵਮੀਤ ਕੌਰ ਵਿਧਾਇਕ ਨੂੰ 'ਤਮੀਜ਼' ਨਾਲ ਗੱਲ ਕਰਨ ਤੇ ਉਸ ਦੀ ਬਦਲੀ ਕਰਵਾਉਣ ਨੂੰ ਚੁਣੌਤੀ ਦਿੰਦੀ ਸੁਣਾਈ ਦਿੰਦੀ ਹੈ। ਸੰਪਰਕ ਕਰਨ 'ਤੇ ਵਿਧਾਇਕ ਅਤੇ ਥਾਣਾ ਇੰਚਾਰਜ ਦੋਵਾਂ ਨੇ ਵਾਇਰਲ ਆਡੀਓ ਦੀ ਗੱਲਬਾਤ ਨੂੰ ਸਵੀਕਾਰ ਕੀਤਾ ਹੈ।
ਇਸ ਮਾਮਲੇ 'ਚ ਸੰਪਰਕ ਕਰਨ 'ਤੇ ਵਿਧਾਇਕ ਘੁਬਾਇਆ ਨੇ ਦੱਸਿਆ ਕਿ ਸਬ-ਇੰਸਪੈਕਟਰ ਮੈਡਮ ਉਨ੍ਹਾਂ ਦੇ ਵਰਕਰਾਂ ਨੂੰ ਗੈਰ-ਜ਼ਰੂਰੀ ਪ੍ਰੇਸ਼ਾਨ ਕਰਦੀ ਹੈ। ਮੈਡਮ ਨੇ ਉਨ੍ਹਾਂ ਦੇ ਵਰਕਰ ਦਾ ਮੋਟਰਸਾਈਕਲ ਰੋਕਿਆ, ਜਿਸ 'ਤੇ ਵਰਕਰ ਨੇ ਮੈਡਮ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਮੈਡਮ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮੈਡਮ ਸਰਕਾਰੀ ਨੰਬਰ 'ਤੇ ਵੀ ਉਨ੍ਹਾਂ ਦਾ ਫੋਨ ਅਟੈਂਡ ਨਹੀਂ ਕਰਦੀ। ਘੁਬਾਇਆ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ, ਜੇਕਰ ਮੈਡਮ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਵਰਕਰਾਂ ਦੀ ਗੱਲ ਨਹੀਂ ਸੁਣੇਗੀ ਤਾਂ ਉਹ ਉਸ ਦੀ ਬਦਲੀ ਕਰਵਾਉਣ ਦੀ ਵਾਹ ਲਾਉਣਗੇ।
੍ਰਇਸ ਮਾਮਲੇ 'ਚ ਸੰਪਰਕ ਕਰਨ 'ਤੇ ਮੈਡਮ ਲਵਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਇਕ ਵਿਅਕਤੀ ਦਾ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਰੋਕਿਆ ਸੀ, ਜਿਸ ਦਾ ਉਹ ਚਲਾਨ ਕੱਟ ਚੁੱਕੀ ਸੀ। ਮੈਡਮ ਨੇ ਕਿਹਾ ਕਿ ਉਹ ਕਿਸੇ ਨੂੰ ਗੈਰ-ਜ਼ਰੂਰੀ ਪ੍ਰੇਸ਼ਾਨ ਨਹੀਂ ਕਰਦੀ ਕਿਉਂਕਿ ਨਾ ਤਾਂ ਉਨ੍ਹਾਂ ਦੀ ਘੁਬਾਇਆ ਨਾਲ ਤੇ ਨਾ ਹੀ ਉਨ੍ਹਾਂ ਦੇ ਵਰਕਰਾਂ ਨਾਲ ਜਾਤੀ ਦੁਸ਼ਮਣੀ ਹੈ। ਉਨ੍ਹਾਂ ਕਿਹਾ ਕਿ ਘੁਬਾਇਆ ਵਿਧਾਇਕ ਹਨ, ਉਨ੍ਹਾਂ ਆਪਣਾ ਕੰਮ ਕਰਨਾ, ਜਦਕਿ ਮੈਂ ਆਪਣਾ। ਸਰਕਾਰੀ ਨੰਬਰ 'ਤੇ ਘੁਬਾਇਆ ਦੀ ਗੱਲ ਨਾ ਸੁਣਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਜ਼ਰੂਰੀ ਕੰਮ ਤੇ ਕਈ ਵਾਰ ਸਰਕਾਰੀ ਮੀਟਿੰਗ 'ਚ ਹੁੰਦੀ ਹੈ ਨਹੀਂ ਤਾਂ ਉਹ ਹਮੇਸ਼ਾ ਫੋਨ ਅਟੈਂਡ ਕਰਦੀ ਹੈ।
ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ 'ਤੇ ਐੱਮ. ਪੀ. ਚੁਣੇ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਹਨ, ਜਿਨ੍ਹਾਂ ਨੂੰ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਕਾਂਗਰਸ 'ਚ ਜੁਆਇਨ ਕਰਵਾ ਕੇ ਕਾਂਗਰਸ ਦਾ ਟਿਕਟ ਦਿੱਤਾ ਸੀ। ਉਨ੍ਹਾਂ ਤਿੰਨ ਵਾਰ ਭਾਜਪਾ ਦੇ ਵਿਧਾਇਕ ਰਹੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ 265 ਵੋਟਾਂ ਨਾਲ ਹਰਾਇਆ ਸੀ। ਘੁਬਾਇਆ ਦੀ Àਮਰ ਨੂੰ ਲੈ ਕੇ ਜਿਆਣੀ ਨੇ ਉਨ੍ਹਾਂ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਵੀ ਦਾਇਰ ਕਰ ਰੱਖੀ ਹੈ। ਇਸ ਆਡੀਓ ਦੇ ਵਾਇਰਲ ਹੋਣ ਮਗਰੋਂ ਇਹ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।