ਸਿਆਸੀ ਵਿਰੋਧਤਾ ਦੇ ਬਾਵਜੂਦ ਜਿੱਤ ਦੀਆਂ ਪੌੜੀਆਂ ਚੜ੍ਹਿਆ ਦਵਿੰਦਰ ਘੁਬਾਇਆ, ਪਿਤਾ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

03/11/2017 4:06:40 PM

ਜਲਾਲਾਬਾਦ (ਸੇਤੀਆ) : ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਆਖਿਰਕਾਰ ਸਿਆਸੀ ਵਿਰੋਧਤਾ ਦੇ ਬਾਵਜੂਦ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣ ਵਿੱਚ ਸਫਲ ਹੋ ਗਏ ਹਨ। ਉਨ੍ਹਾਂ ਨੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੂੰ 265 ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਿੰਦਰ ਘੁਬਾਇਆ ਨੂੰ ਕੁੱਲ 39092 ਵੋਟਾਂ, ਸੁਰਜੀਤ ਕੁਮਾਰ ਜਿਆਣੀ ਨੂੰ 38696 ਵੋਟਾਂ ਅਤੇ ਰਾਜਦੀਪ ਕੌਰ ਨੂੰ 37978 ਵੋਟਾਂ ਪਈਆਂ। ਆਪਣੇ ਬੇਟੇ ਦੀ ਜਿੱਤ ''ਤੇ ਖੁਸ਼ੀ ਪ੍ਰਗਟ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਹੈ ਕਿ ਅਖੀਰ ਨੂੰ ਸੱਚਾਈ ਦੀ ਜਿੱਤ ਹੋਈ ਹੈ। ਹਾਲਾਂਕਿ ਵਿਰੋਧੀਆਂ ਵਲੋਂ ਉਨ੍ਹਾਂ ਦੇ ਬੇਟੇ ਦਵਿੰਦਰ ਘੁਬਾਇਆ ਦੇ ਰਾਹ ਵਿੱਚ ਕਈ ਤਰ੍ਹਾਂ ਦੀਆਂ ਸਿਆਸੀ ਅੜਚਣਾਂ ਪੈਦਾ ਕੀਤੀਆਂ ਗਈਆਂÐ। ਪਹਿਲਾਂ ਜਿੱਥੇ ਦਵਿੰਦਰ ਘੁਬਾਇਆ ਦੀ ਉਮਰ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਰਹੇ ਅਤੇ ਕਦੇ ਫਾਜ਼ਿਲਕਾ ਦੇ ਕਈ ਦਿੱਗਜ਼ ਨੇਤਾਵਾਂ ਨੇ ਦਵਿੰਦਰ ਘੁਬਾਇਆ ਨੂੰ ਟਿਕਣ ਨਾ ਦੇਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਪਰ ਪਾਰਟੀ ਨੇ ਦਵਿੰਦਰ ਘੁਬਾਇਆ ''ਤੇ ਹੀ ਭਰੋਸਾ ਜਤਾਇਆ ਅਤੇ ਦਵਿੰਦਰ ਘੁਬਾਇਆ ਇਸ ਭਰੋਸੇ ''ਤੇ ਖਰੇ ਉਤਰੇ ਅਤੇ ਉਨ੍ਹਾਂ ਨੇ 265 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਵਿੱਚ ਪਾਈ ਹੈ। ਇਸ ਸੰਬੰਧੀ ਦਵਿੰਦਰ ਘੁਬਾਇਆ ਨੇ ਕਿਹਾ ਕਿ ਫਾਜ਼ਿਲਕਾ ਦੇ ਵਾਸੀਆਂ ਨੇ ਮੈਨੂੰ ਫਤਵਾ ਦੇ ਕੇ ਜਿੱਤ ਦੁਆਈ ਹੈ ਅਤੇ ਛੋਟੀ ਉਮਰ ਵਿੱਚ ਮੇਰਾ ਵਿਧਾਇਕ ਬਣਨਾ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਫਾਜ਼ਿਲਕਾ ਵਾਸੀਆਂ ਦੇ ਦਿੱਤੇ ਫਤਵੇ ਦਾ ਮੁੱਲ ਉਨ੍ਹਾਂ ਦਾ ਇੱਕ-ਇੱਕ ਲੋੜੀਂਦਾ ਕੰਮ ਕਰਕੇ ਦਿਖਾਵਾਂਗਾ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਦੇ ਲੀਡਰਾਂ ਵਲੋਂ ਉਨ੍ਹਾਂ ਦੀ ਵਿਰੋਧਤਾ ਕੀਤੀ ਗਈ ਪਰ ਅਕਾਲੀ ਦਲ ਵਾਲਿਆਂ ਨੇ ਫਾਜ਼ਿਲਕਾ ਵਿੱਚ ਡੇਰੇ ਲਾ ਕੇ ਉਨ੍ਹਾਂ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ।

Babita Marhas

News Editor

Related News