ਧੀ ਨਾਲ ਬਲਾਤਕਾਰ ਅਤੇ ਪੁੱਤ ਨਾਲ ਟੱਪੀਆਂ ਸੀ ਪਿਓ ਨੇ ਹੱਦਾਂ, ਹੁਣ ਮਿਲੀ ਅਜਿਹੀ ਸਜ਼ਾ ਕਿ...

02/15/2017 7:18:55 PM

ਲੁਧਿਆਣਾ (ਮਹਿਰਾ) : ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਅਤੇ ਪੁੱਤਰ ਨਾਲ ਕੁਕਰਮ ਕਰਨ ਦੇ ਦੋਸ਼ੀ ਪਿਓ ਚੈਨ ਸਿੰਘ ਵਾਸੀ ਰਾਮ ਨਗਰ ਮੂੰਡੀਆਂ ਕਲਾਂ ਲੁਧਿਆਣਾ ਨੂੰ ਸਥਾਨਕ ਸੈਸ਼ਨ ਜੱਜ ਜਗਦੀਪ ਕੌਰ ਵਿਰਕ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂ ਕਿ ਕੁਕਰਮ ਕਰਨ ਦੇ ਦੋਸ਼ ਵਿਚ ਅਦਾਲਤ ਨੇ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਸਰਕਾਰੀ ਵਕੀਲ ਪੂਜਾ ਸਿੰਘਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਲਤ ਨੇ ਦੋਸ਼ੀ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ ਨੂੰ ਠੁਕਰਾਉਂਦੇ ਹੋਏ ਦੋਸ਼ੀ ਨੂੰ ਢਾਈ ਲੱਖ ਰੁਪਏ ਜੁਰਮਾਨਾ ਵੀ ਅਦਾ ਕਰਨ ਦਾ ਆਦੇਸ਼ ਦਿੱਤਾ ਹੈ। ਕਲਯੁਗੀ ਪਿਓ ਨੇ ਪਵਿੱਤਰ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਆਪਣੀ 9 ਸਾਲਾ ਬੇਟੀ ਨਾਲ ਜਿਥੇ ਜਬਰ-ਜ਼ਨਾਹ ਕੀਤਾ, ਉਥੇ 11 ਸਾਲਾ ਬੇਟੇ ਨਾਲ ਕੁਕਰਮ ਦਾ ਘਿਨੌਣਾ ਕੰਮ ਕੀਤਾ। ਪੁਲਸ ਥਾਣਾ ਜਮਾਲਪੁਰ ਵੱਲੋਂ 9 ਸਤੰਬਰ 2014 ਨੂੰ ਦੋਸ਼ੀ ਦੀ ਹੀ ਪਤਨੀ ਦੀ ਸ਼ਿਕਾਇਤ ''ਤੇ ਉਸ ਖਿਲਾਫ ਧਾਰਾ 376, 377 ਤੇ 506 ਆਈ. ਪੀ. ਸੀ. ਤਹਿਤ ਪਾਸਕੋ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਬੱਚਿਆਂ ਦੀ ਮਾਂ ਅਨੁਸਾਰ ਦੋਸ਼ੀ ਪਤੀ ਇਕ ਟੂਲ ਕੰਪਨੀ ਵਿਚ ਫੋਰਮੈਨ ਦੇ ਤੌਰ ''ਤੇ ਕੰਮ ਕਰਦਾ ਸੀ ਤੇ ਸੋਮਵਾਰ ਵਾਲੇ ਦਿਨ ਉਸ ਨੂੰ ਛੁੱਟੀ ਹੁੰਦੀ ਸੀ। ਉਸ ਮੁਤਾਬਕ ਉਹ ਖੁਦ ਵੀ ਕੰਮਕਾਰ ਵਾਲੀ ਮਹਿਲਾ ਹੋਣ ਕਾਰਨ ਘਰੋਂ ਬਾਹਰ ਰਹਿੰਦੀ ਸੀ। ਇਸੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਪਤੀ ਨੇ ਆਪਣੇ ਹੀ ਬੱਚਿਆਂ ਨੂੰ ਡਰਾ-ਧਮਕਾ ਕੇ ਇਹ ਗਲਤ ਕੰਮ ਕੀਤਾ। ਉਸ ਅਨੁਸਾਰ ਦੋਸ਼ੀ ਪਤੀ ਨੇ ਬੱਚਿਆਂ ਨੂੰ ਧਮਕਾਇਆ ਸੀ ਕਿ ਜੇਕਰ ਉਨ੍ਹਾਂ ਨੇ ਕਿਸੇ ਕੋਲ ਵੀ ਗੱਲ ਕੀਤੀ ਤਾਂ ਉਹ ਉਨ੍ਹਾਂ ਦੀ ਮਾਂ ਨੂੰ ਜਾਨੋਂ ਮਾਰ ਦੇਵੇਗਾ।
ਦੂਸਰੇ ਪਾਸੇ ਦੋਸ਼ੀ ਨੇ ਖੁਦ ਨੂੰ ਬੇਕਸੂਰ ਦੱਸਿਆ ਕਿ ਉਸ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ ਨੇ ਸਰਕਾਰੀ ਵਕੀਲ ਪੂਜਾ ਸਿੰਘਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਮਾਜ ਵਿਚ ਮਹਿਲਾਵਾਂ ਤੇ ਬੱਚਿਆਂ ਨਾਲ ਸੈਕਸ ਸ਼ੋਸ਼ਣ ਦੀਆਂ ਵਾਰਦਾਤਾਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਉਨ੍ਹਾਂ ਦੀ ਇੱਜ਼ਤ ਘਟ ਰਹੀ ਹੈ। ਇਸ ਲਈ ਦੋਸ਼ੀ ਕਿਸੇ ਵੀ ਤਰ੍ਹਾਂ ਦੇ ਰਹਿਮ ਦੇ ਕਾਬਲ ਨਹੀਂ ਹੈ ਅਤੇ ਉਨ੍ਹਾਂ ਦੋਸ਼ੀ ਨੂੰ ਉਪਰੋਕਤ ਸਜ਼ਾ ਸੁਣਾਈ।


Gurminder Singh

Content Editor

Related News