ਗੋਦ ਲਈ ਧੀ ਦਾ ਕਾਰਾ ਜਾਣ ਹਰ ਕੋਈ ਰਹਿ ਗਿਆ ਹੈਰਾਨ, ਰਿਸ਼ਤੇਦਾਰ ਵੀ ਨਾ ਕਰ ਸਕੇ ਯਕੀਨ
Tuesday, Aug 10, 2021 - 02:42 PM (IST)
ਤਰਨਤਾਰਨ (ਰਮਨ ਚਾਵਲਾ) : ਜਿਸ ਧੀ ਨੂੰ ਚਾਵਾਂ ਨਾਲ ਗੋਦ ਲਿਆ ਅਤੇ ਪਾਲ-ਪੋਸ ਕੇ ਵੱਡਾ ਕੀਤਾ, ਉਸੇ ਕਲਯੁਗੀ ਧੀ ਨੇ ਆਪਣੀ ਮਾਂ ਨਾਲ ਜੋ ਕਾਰਾ ਕੀਤਾ, ਉਸ ਨੂੰ ਜਾਣ ਹਰ ਕੋਈ ਹੈਰਾਨ ਰਹਿ ਗਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਇਸ ਗੱਲ ਦਾ ਯਕੀਨ ਨਾ ਆਇਆ। ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਵਿਖੇ ਇਕ ਬਜ਼ੁਰਗ ਜਨਾਨੀ ਦਾ ਉਸ ਦੀ ਗੋਦ ਲਈ ਧੀ ਵਲੋਂ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਫਿਲਹਾਲ ਮ੍ਰਿਤਕ ਜਨਾਨੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉੱਥੇ ਹੀ ਪੁਲਸ ਨੇ ਕਾਤਲ ਧੀ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਗੋਲੀਆਂ ਮਾਰ ਕੇ ਕਤਲ ਕੀਤੇ ਅਕਾਲੀ ਆਗੂ 'ਵਿੱਕੀ ਮਿੱਡੂਖੇੜਾ' ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਅਮਰੀਕ ਕੌਰ ਪਤਨੀ ਜੈਲ ਸਿੰਘ ਦਾ ਪੋਸਟਮਾਰਟਮ ਕਰਵਾਉਣ ਪੁੱਜੇ ਰਿਸ਼ਤੇਦਾਰ ਸੁਖਵਿੰਦਰ ਕੌਰ ਵਾਸੀ ਭਰੋਵਾਲ ਅਤੇ ਨਿਰਵੈਲ ਸਿੰਘ ਵਾਸੀ ਅਲਾਵਲਪੁਰ ਨੇ ਦੱਸਿਆ ਕਿ ਕਲਯੁਗੀ ਧੀ ਵੱਲੋਂ ਕੀਤੇ ਗਏ ਇਸ ਕਾਰਨਾਮੇ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜੈਲ ਸਿੰਘ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਉਸ ਨੇ ਆਪਣੀ ਭੈਣ ਦੀ ਧੀ ਨੂੰ ਗੋਦ ਲੈ ਲਿਆ ਅਤੇ ਉਸ ਦਾ ਨਾਮ ਕਰਨਬੀਰ ਕੌਰ ਰੱਖ ਲਿਆ। ਸੇਵਾ ਮੁਕਤ ਹੋਏ ਫ਼ੌਜੀ ਜੈਲ ਸਿੰਘ ਨੇ ਪਿੰਡ ਨੌਸ਼ਹਿਰਾ ਪੰਨੂੰਆਂ ਵਿਖੇ ਆਲੀਸ਼ਾਨ ਕੋਠੀ ਤਿਆਰ ਕਰ ਲਈ। ਇਸ ਦੌਰਾਨ ਧੀ ਦੇ ਵੱਡੇ ਹੋਣ ਉਪਰੰਤ ਉਸ ਦੇ ਚਾਲ-ਚੱਲਣ ਕੁੱਝ ਠੀਕ ਨਾ ਹੋਣ ਕਾਰਨ ਜੈਲ ਸਿੰਘ ਨੇ ਉਸ ਨੂੰ ਬੇਦਖ਼ਲ ਵੀ ਕਰ ਦਿੱਤਾ ਪਰ ਇਸ ਫੈਸਲੇ ਤੋਂ ਉਸ ਦੀ ਪਤਨੀ ਅਮਰੀਕ ਕੌਰ ਸਹਿਮਤ ਨਾ ਹੋਈ ਅਤੇ ਉਸ ਨੇ ਕਰਨਬੀਰ ਕੌਰ ਨਾਲ ਮਿਲਣਾ ਜਾਰੀ ਰੱਖਿਆ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਪਲਾਂ 'ਚ ਵਿਛਾਏ ਮੌਤ ਦੇ ਸੱਥਰ, ਛੋਟੀ ਬੱਚੀ ਸਮੇਤ ਭੈਣ-ਭਰਾ ਦੀ ਮੌਤ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਕਰਨਬੀਰ ਕੌਰ ਨੇ ਕਰੀਬ 14 ਸਾਲ ਪਹਿਲਾਂ ਪਿੰਡ ਭਰੋਵਾਲ ਦੇ ਵਾਸੀ ਗਗਨਦੀਪ ਸਿੰਘ ਨਾਲ ਵਿਆਹ ਕਰ ਲਿਆ। ਉਨ੍ਹਾਂ ਦੱਸਿਆ ਕਿ ਜੈਲ ਸਿੰਘ ਦੀ ਕਰੀਬ ਚਾਰ ਮਹੀਨੇ ਪਹਿਲਾਂ ਕਿਸੇ ਜ਼ਹਿਰੀਲੀ ਦਵਾਈ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਕਰਨਬੀਰ ਕੌਰ ਇਨ੍ਹਾਂ ਜ਼ਿਆਦਾ ਘਟੀਆ ਕਾਰਨਾਮਾ ਕਰ ਦੇਵੇਗੀ, ਜਿਸ ਦਾ ਉਨ੍ਹਾਂ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕਰਨਬੀਰ ਕੌਰ ਦਾ ਜਾਇਦਾਦ ਲੈਣ ਖ਼ਾਤਰ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਕਰ ਦੇਣਾ ਬੜੀ ਸ਼ਰਮ ਵਾਲੀ ਗੱਲ ਹੈ, ਜਿਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉੱਧਰ ਸਿਵਲ ਹਸਪਤਾਲ ਵਿਖੇ ਮ੍ਰਿਤਕ ਅਮਰੀਕ ਕੌਰ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ, ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਉੱਧਰ ਥਾਣਾ ਸਰਹਾਲੀ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਆਪਣੀ ਮਾਂ ਦਾ ਕਤਲ ਕਰਨ ਵਾਲੀ ਧੀ ਕਰਨਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਪਿਤਾ ਦੀ ਮੌਤ ਤੋਂ ਬਾਅਦ ਮਿਲੀ ਕਰੀਬ 3 ਲੱਖ ਰੁਪਏ ਦੀ ਰਾਸ਼ੀ ਨੂੰ ਡਕਾਰਨ ਤੋਂ ਬਅਦ ਫ਼ੌਜ ਤੋਂ ਮਿਲਣ ਵਾਲੀ ਲੱਖਾਂ ਰੁਪਏ ਦੀ ਰਕਮ ਲੈਣ ਲਈ ਆਪਣੀ ਮਾਂ ਨੂੰ ਟਿਕਾਣੇ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਮ੍ਰਿਤਕ ਜਨਾਨੀ ਦੇ ਪਤੀ ਜੈਲ ਸਿੰਘ ਦੀ ਹੋਈ ਭੇਤਭਰੇ ਹਲਾਤ ’ਚ ਮੌਤ ਦੀ ਜਾਂਚ ਕਰਵਾਉਣ ਲਈ ਉਸ ਦੀਆਂ ਹੱਡੀਆਂ ਨੂੰ ਫਾਰੈਂਸਿਕ ਲੈਬ ’ਚ ਭੇਜਿਆ ਜਾ ਚੁੱਕਾ ਹੈ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ, ਜਿਸ ਤੋਂ ਸਾਫ਼ ਪਤਾ ਲੱਗੇਗਾ ਕਿ ਕਤਲ ਦੇ ਅਸਲ ਕਾਰਨ ਕੀ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ