ਸਵਾ ਮਹੀਨੇ ਦੀ ਧੀ ਨੂੰ ਕਤਲ ਕਰਨ ਵਾਲੀ ਕਲਯੁਗੀ ਮਾਂ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

10/01/2022 5:28:46 PM

.ਫਰੀਦਕੋਟ ( ਜਗਦੀਸ਼) : ਪਿੰਡ ਅਜੀਤ ਪਾਰਾ ਡਾਕਖਾਨਾ ਬਿਲਗਾਉ ਥਾਣਾ ਬਿਸਾਡਾ ਸਕਰੂਆ ਜ਼ਿਲ੍ਹਾ ਬਾਂਦਾ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਦਸ਼ਮੇਸ਼ ਗ੍ਰਾਮ ਉਦਯੋਗ ਸੰਮਤੀ ਪਿੰਡ ਕਲੇਰ ਜ਼ਿਲ੍ਹਾ ਫਰੀਦਕੋਟ ਦੀ ਇਕ ਨਾਬਾਲਗ ਧੀ ਦਾ ਉਸ ਦੀ ਮਾਤਾ ਵੱਲੋਂ ਕਤਲ ਕਰਕੇ ਪਖਾਨੇ ਵਾਲੇ ਖੂਹ ਵਿਚ ਸੁੱਟਣ ਦੇ ਮਾਮਲੇ ਵਿਚ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਲੜਕੀ ਦੀ ਮਾਤਾ ਨੂੰ ਕਾਤਲ ਮੰਨਦੇ ਹੋਏ ਉਮਰ ਕੈਦ ਦੀ ਸ਼ਜ਼ਾ ਅਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਇਸ ਨੂੰ 3 ਮਹੀਨੇ ਹੋਰ ਵਾਧੂ ਜੇਲ ਵਿਚ ਰਹਿਣਾ ਪਵੇਗਾ। ਜਾਣਕਾਰੀ ਅਨੁਸਾਰ ਥਾਣਾ ਸਦਰ ਫਰੀਦਕੋਟ ਦੀ ਪੁਲਸ ਵੱਲੋਂ 9 ਅਪ੍ਰੈਲ 2021 ਨੂੰ ਲੜਕੀ ਬਿੱਟੀ ਪੁੱਤਰੀ ਰਜੂ ਦੇ ਕਤਲ ਸਬੰਧੀ ਮੁਕੱਦਮਾ ਨੰਬਰ 0053 ਅਧੀਨ ਧਾਰਾ 302, ਆਈ. ਪੀ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਮ੍ਰਿਤਕ ਦੇ ਬਾਪ ਰਜੂ ਦੇ ਬਿਆਨ ’ਤੇ ਉਸ ਦੀ ਮਾਤਾ ਸੈਣਾ ਖ਼ਿਲਾਫ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਉਸ ਦਾ ਵਿਆਹ ਲਗਭਗ 11 ਸਾਲ ਪਹਿਲਾਂ ਸੈਣਾ ਪੁੱਤਰੀ ਬਾਊ ਨਾਲ ਹੋਇਆ ਸੀ ਅਤੇ ਸਾਡੇ ਚਾਰ ਬੱਚੇ ਹੋਏ, ਜਿਨ੍ਹਾਂ ਵਿਚ ਇਕ ਲੜਕਾ ਅਤੇ ਤਿੰਨ ਲੜਕੀਆਂ ਹਨ, ਪ੍ਰੰਤੂ ਛੋਟੀ ਲੜਕੀ ਬਿੱਟੀ ਜਿਸ ਦੀ ਉਮਰ ਤਕਰੀਬਨ ਸਵਾ ਮਹੀਨਾ ਸੀ ਜਿਸ ਨੂੰ ਉਸ ਦੀ ਮਾਤਾ ਚੰਗੀ ਨਹੀਂ ਸਮਝਦੀ ਸੀ ਅਤੇ ਉਸ ਦੀ ਦੇਖਭਾਲ ਵੀ ਸਹੀ ਨਹੀਂ ਕਰਦੀ ਸੀ।

ਇਸ ਦੌਰਾਨ ਇਕ ਰਾਤ ਜਦੋਂ ਸ਼ਿਕਾਇਤਕਰਤਾ ਨੇ ਪੇਸ਼ਾਬ ਕਰਨ ਲਈ ਉਠਿਆ ਤਾਂ ਦੇਖਿਆ ਤਾਂ ਉਸ ਦੀ ਪਤਨੀ, ਲੜਕੀ ਨਾਲ ਸੁਤੀ ਹੋਈ ਸੀ ਜਦੋਂ ਉਹ ਦੁਬਾਰਾ ਉਠਿਆ ਤਾਂ ਉਸ ਦੀ ਪਤਨੀ ਸੁੱਤੀ ਹੋਈ ਸੀ ਪਰ ਉਸ ਦੀ ਲੜਕੀ ਨਹੀਂ ਸੀ ਜਿਸ ’ਤੇ ਉਸ ਨੇ ਲੜਕੀ ਬਾਰੇ ਪਤਨੀ ਨੂੰ ਪੁੱਛਿਆ ਤਾਂ ਉਸ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਿਸ ’ਤੇ ਸ਼ਿਕਾਇਤਕਰਤਾ ਨੂੰ ਆਪਣੀ ਪਤਨੀ ’ਤੇ ਸ਼ੱਕ ਹੋ ਗਿਆ ਅਤੇ ਉਸ ਨੇ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਲੜਕੀ ਨੂੰ ਮੇਨ ਹਾਈਵੇ ਦੇ ਨੇੜੇ ਬਣੇ ਪਖਾਨੇ ਦੇ ਖੂਹ ਵਿਚ ਸੁੱਟ ਦਿੱਤਾ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਦੋ ਲੜਕੀਆਂ ਹਨ ਅਤੇ ਹੁਣ ਛੋਟੀ ਲੜਕੀ ਬਿੱਟੀ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੀ ਸੀ। ਇਸ ’ਤੇ ਮਾਨਯੋਗ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਮ੍ਰਿਤਕ ਦੀ ਮਾਤਾ ਸੈਣਾ ਨੂੰ ਧੀ ਦਾ ਕਾਤਲ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।


Gurminder Singh

Content Editor

Related News