ਦਸਮੇਸ਼ ਪਿਤਾ ਜੀ ਦੇ ਵਿਆਹ ਦਿਹਾੜੇ ’ਤੇ ਵਿਸ਼ੇਸ਼ : ਜਾਣੋ ਕਿਵੇਂ ਮਸ਼ਹੂਰ ਹੋਇਆ ‘ਗੁਰੂ ਕਾ ਲਾਹੌਰ’

02/15/2021 3:46:53 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਸਿੱਖ ਫਲਸਫੇ ਤਹਿਤ ਧਰਮ ਅੰਦਰ ਗ੍ਰਹਿਸਥ ਨੂੰ ਪ੍ਰਧਾਨ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ। ਸ਼ਹੀਦ ਪਿਤਾ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਸਾਹਿਬਜ਼ਾਦਿਆਂ ਦੇ ਮਾਤਾ, ਮਾਤਾ ਜੀਤ ਕੌਰ ਜੀ ਦੇ ਗ੍ਰਹਿਸਥ ਦਾ, ਜਿਸ ਰਮਣੀਕ ਸਰਜ਼ਮੀਂ ’ਤੇ ਆਗਾਜ਼ ਹੋਇਆ, ਉਸ ਨੂੰ ਅੱਜ ਅਸੀਂ ਗੁਰੂ ਕਾ ਲਾਹੌਰ ਦੇ ਨਾਮ ਨਾਲ ਜਾਣਦੇ ਹਾਂ। ਇਸ ਧਰਤੀ ਨੂੰ ਜਿੱਥੇ ਖਾਲਸੇ ਦੇ ਨਾਨਕਿਆਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ, ਉੱਥੇ ਅਥਾਹ ਕੁਦਰਤੀ ਸੁਹੱਪਣ ਦੇ ਆਗੋਸ਼ ’ਚ ਘਿਰੀ ਇਹ ਮੁਕੱਦਸ ਧਰਤੀ ਗੁਰੂ ਜੀ ਨਾਲ ਸਬੰਧਿਤ ਕਈ ਅਲੌਕਿਕ ਘਟਨਾਵਾਂ ਦੀਆਂ ਯਾਦਗਾਰਾਂ ਆਪਣੇ ਸੀਨੇ ’ਚ ਸੰਭਾਲੀ ਬੈਠੀ ਹੈ। ਇਹ ਮੁਕੱਦਸ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਲਹਿੰਦੇ ਪਾਸੇ ਕਰੀਬ 15 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

ਇਤਿਹਾਸਕ ਹਵਾਲਿਆਂ ਅਨੁਸਾਰ ਲਾਹੌਰ ਨਿਵਾਸੀ ਹਰਿਜਸ ਸੁਭੱਖੀ ਨੇ 1684 ਈ. ਮੁਤਾਬਕ 23 ਹਾੜ੍ਹ ਨੂੰ ਜਦੋਂ ਆਪਣੀ ਧੀ ਜੀਤੋ ਜੀ ਦੀ ਮੰਗਣੀ ਉਪਰੰਤ ਸ੍ਰੀ ਦਸਮੇਸ਼ ਪਿਤਾ ਜੀ ਨਾਲ ਆਨੰਦਕਾਰਜ ਕੀਤੇ ਜਾਣ ਦਾ ਮੁਬਾਰਕ ਸੰਕਲਪ ਅਖਤਿਆਰ ਕੀਤਾ ਤਾਂ ਉਹ ਇਨ੍ਹਾਂ ਪਹਾੜੀਆਂ ’ਤੇ ਸ਼ਿਕਾਰ ਖੇਡਦੇ ਹੋਏ ਗੁਰੂ ਸਾਹਿਬ ਨੂੰ ਮਿਲੇ ਸਨ।

ਗੁਰੂ ਜੀ ਵੱਲੋਂ ਇਸ ਰਿਸ਼ਤੇ ਨੂੰ ਪ੍ਰਵਾਨਗੀ ਦਿੱਤੇ ਜਾਣ ’ਤੇ ਜਦੋਂ ਭਾਈ ਹਰਿਜਸ ਜੀ ਨੇ ਆਪਣੀ ਸਪੁੱਤਰੀ ਦਾ ਆਨੰਦਕਾਰਜ ਲਾਹੌਰ ’ਚ ਕੀਤੇ ਜਾਣ ਦੀ ਇੱਛਾ ਪ੍ਰਗਟਾਈ ਤਾਂ ਗੁਰੂ ਜੀ ਨੇ ਆਪਣੇ ਮੁਖਾਰਬਿੰਦ ’ਚੋਂ ਬਚਨ ਉਚਾਰਦਿਆਂ ਕਿਹਾ ਸੀ ਕਿ ਅਸੀਂ ਇਥੇ ਹੀ ਨਵਾਂ ਲਾਹੌਰ ਵਸਾ ਦਿਆਂਗੇ ਅਤੇ ਉਪਰੋਕਤ ਪਰਬਤਾਂ ’ਤੇ ਗੁਰੂ ਜੀ ਨੇ ਨਵਾਂ ਲਾਹੌਰ ਵਸਾਉਣ ਦਾ ਰਸਮੀ ਆਗਾਜ਼ ਕੀਤਾ ਸੀ। ਯਾਦ ਰਹੇ ਕਿ ਸਮੇਂ ਦੀਆਂ ਹਾਲਤਾਂ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਤਤਕਾਲੀ ਮੁਗਲ ਸਲਤਨਤ ਨਾਲ ਗੁਰੂ ਜੀ ਦੇ ਅਣਸੁਖਾਵੇਂ ਸਬੰਧਾਂ ਦੇ ਮੱਦੇਨਜ਼ਰ ਕੁਝ ਸਿਆਣੇ ਸਲਾਹਕਾਰ ਗੁਰੂ ਜੀ ਨੂੰ ਲਾਹੌਰ ਨਾ ਜਾਣ ਦਾ ਤਰਕ ਦੇ ਰਹੇ ਸਨ।

PunjabKesari

ਜਦੋਂ ਗੁਰੂ ਜੀ ਦੀ ਬਰਾਤ ਸ੍ਰੀ ਅਨੰਦਪੁਰ ਸਾਹਿਬ ਤੋਂ ਖੂਬਸੂਰਤ ਹਿਮਾਲਿਆ ਦੀਆਂ ਪਹਾਡ਼ੀਆਂ ’ਤੇ ਸਥਿਤ ਨਵੇਂ ਵਸਾਏ ਲਾਹੌਰ ਵਿਖੇ ਢੁੱਕੀ ਸੀ ਤਾਂ ਉਸ ਵੇਲੇ ਗੁਰੂ ਜੀ ਦੇ ਸਿਰੋਂ ਪਿਤਾ ਦਾ ਸਾਇਆ ਉੱਠ ਚੁੱਕਾ ਸੀ। ਇਤਿਹਾਸਕਾਰਾਂ ਮੁਤਾਬਕ ਗੁਰੂ ਜੀ ਦੇ ਵਿਆਹ ਦੀਆਂ ਰਸਮਾਂ ਦਾਦਕੇ ਪਰਿਵਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਸੂਰਜ ਮੱਲ ਜੀ ਅਤੇ ਬਾਬਾ ਅਮੀ ਰਾਏ ਨੇ ਨਿਭਾਈਆਂ ਅਤੇ ਨਾਨਕੇ ਪਰਿਵਾਰ ਉਨ੍ਹਾਂ ਦੇ ਮਾਮਾ ਕਿਰਪਾਲ ਚੰਦ ਜੀ ਅਤੇ ਮਾਮਾ ਮਿਹਰ ਚੰਦ ਜੀ ਨੇ ਨਿਭਾਈਆਂ ਨੇ, ਜਦਕਿ ਲਾਵਾਂ ਪੜ੍ਹਨ ਦੀ ਰਸਮ ਭਾਈ ਰੂਪ ਚੰਦ ਵੱਲੋਂ ਅਦਾ ਕੀਤੀ ਗਈ।

ਇਸੇ ਦੌਰਾਨ ਇਥੋਂ ਦੇ ਕੁਝ ਬਾਸ਼ਿੰਦਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ‘ਪਾਤਸ਼ਾਹ ਜੀਓ। ਇਸ ਥਾਂ ’ਤੇ ਪੀਣ ਵਾਲੇ ਪਾਣੀ ਦੀ ਬੇਹੱਦ ਸਮੱਸਿਆ ਹੈ।’ ਲੋਕਾਂ ਦੀ ਇਸ ਮੰਗ ਨੂੰ ਇਲਾਹੀ ਰੰਗਤ ਦਿੰਦਿਆਂ ਗੁਰੂ ਜੀ ਨੇ ਕਿਰਪਾ ਬਰਛਾ ਧਰਤੀ ’ਤੇ ਮਾਰ ਕੇ ਉੱਥੇ ਪਾਣੀ ਦੀ ਤ੍ਰਿਵੈਣੀ ਪ੍ਰਗਟ ਕੀਤੀ ਸੀ, ਜੋ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਅਤੇ ਉੱਥੇ ਗੁ. ਤ੍ਰਿਵੈਣੀ ਸਾਹਿਬ ਸੁਸ਼ੋਭਿਤ ਹੈ। ਜੋ ਕਿਰਪਾ ਬਰਛਾ ਗੁਰੂ ਜੀ ਨੇ ਉਦੋਂ ਤ੍ਰਿਵੈਣੀ ਪ੍ਰਗਟ ਕਰਨ ਲਈ ਜ਼ਮੀਨ ’ਚ ਮਾਰਿਆ ਸੀ ਉਹ ਵੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ। ਇਥੇ ਹੀ ਗੁਰੂ ਜੀ ਦੇ ਨੀਲੇ ਘੋੜੇ ਨੇ ਪੌੜ ਮਾਰਿਆ ਸੀ ਅਤੇ ਪਾਣੀ ਕੱਢਿਆ ਸੀ, ਉਹ ਥਾਂ ਵੀ ਅੱਜ ਗੁ. ਪੌਡ਼ ਸਾਹਿਬ ਦੇ ਰੂਪ ’ਚ ਮੌਜੂਦ ਹੈ ਅਤੇ ਅੱਜ ਵੀ ਉੱਥੋਂ ਪਾਣੀ ਵਹਿੰਦਾ ਹੈ।

PunjabKesari

ਇਤਿਹਾਸਕ ਪੱਖ ਅਨੁਸਾਰ ਗੁਰੂ ਜੀ ਦੀ ਬਰਾਤ ਗੁ. ਭੋਰਾ ਸਾਹਿਬ ਜੋ ਕਿ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਅਤੇ ਇਬਾਦਤਗਾਹ ਸੀ, ਤੋਂ ਰਵਾਨਾ ਹੋ ਕੇ ਗੁਰੂ ਕਾ ਲਾਹੌਰ ਪੁੱਜੀ ਸੀ ਅਤੇ ਗੁਰੂ ਮਰਿਆਦਾ ਅਨੁਸਾਰ ਗੁਰੂ ਜੀ ਦੇ ਆਨੰਦਕਾਰਜ ਮਾਤਾ ਜੀਤੋ ਜੀ ਨਾਲ ਕੀਤੇ ਗਏ ਸਨ। ਸਿਮਰਨ ਅਤੇ ਤਿਆਗ ਦੀ ਮੂਰਤ ਮਾਤਾ ਜੀਤੋ ਜੀ ਭਾਵੇਂ ਜ਼ਿੰਦਗੀ ਦੇ ਅੰਤਲੇ ਦਹਾਕਿਆਂ ’ਚ ਗੁਰੂ ਜੀ ਦਾ ਸਾਥ ਨਾ ਨਿਭਾਉਂਦਿਆਂ ਜ਼ਿੰਦਗੀ ਦਾ ਸੰਖੇਪ ਅਰਸਾ ਬਸਰ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਲੋਕਾਈ ਦੀ ਵਿਲੱਖਣ ਤਵਾਰੀਖ ਸਿਰਜਣ ਵਾਲੇ ਗੁਰੂ ਕੇ ਲਾਲਾਂ ਦੀ ਜਨਮਦਾਤੀ ਹੋਣ ਦਾ ਸੁਭਾਗ ਮਾਤਾ ਜੀਤੋ ਜੀ ਦੇ ਹਿੱਸੇ ਆਇਆ ਹੈ।

ਗੁਰੂ ਜੀ ਦਾ ਵਿਆਹ ਪੁਰਬ ਮਨਾਉਣ ਦਾ ਪਰੰਪਰਾਗਤ ਆਗਾਜ਼ ਸੱਚਖੰਡ ਵਾਸੀ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਾਲਿਆਂ ਵੱਲੋਂ 1960 ’ਚ ਕੀਤਾ ਸੀ ਅਤੇ ਉਨ੍ਹਾਂ ਦੇ ਵਰੋਸਾਏ ਬਾਬਾ ਲਾਭ ਸਿੰਘ ਜੀ, ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਨੇ ਇਸ ਸਿਧਾਂਤਕ ਪਰੰਪਰਾ ਨੂੰ ਅਗਾਂਹ ਤੋਰਨ ’ਚ ਸ਼ਲਾਘਾਯੋਗ ਭੂਮਿਕਾ ਨਿਭਾਈ। ਉਨ੍ਹਾਂ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ ਅੱਜ ਬਾਬਾ ਸੁੱਚਾ ਸਿੰਘ ਜੀ ਅਤੇ ਬਾਬਾ ਸਤਨਾਮ ਸਿੰਘ ਜੀ ਇਸ ਪਰੰਪਰਾ ’ਤੇ ਪਹਿਰਾ ਦੇ ਰਹੇ ਹਨ।

ਪੰਜਾਬ ਦੇ ਮੌਜੂਦਾ ਵਿਆਹਾਂ ਦੀ ਤਰਜ਼ ’ਤੇ ਅੱਜ ਵੀ ਗੁਰੂ ਜੀ ਦੀ ਬਰਾਤ ਨਗਰ ਕੀਰਤਨ ਦੇ ਰੂਪ ’ਚ ਗੁ. ਭੋਰਾ ਸਾਹਿਬ ਤੋਂ ਚੜ੍ਹਦੀ ਹੈ ਅਤੇ ਸੰਗਤਾਂ ਬਰਾਤੀਆਂ ਦੇ ਰੂਪ ’ਚ ਭੰਗੜਾ ਪਾਉਂਦੀਆਂ ਗੁਰੂ ਕਾ ਲਾਹੌਰ ਪੁੱਜਦੀਆਂ ਹਨ। ਕਾਰ ਸੇਵਾ ਵਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਅਤੇ ਹੋਰ ਪਦਾਰਥਾਂ ਦੇ ਲੰਗਰ ਲਾਏ ਜਾਂਦੇ ਹਨ। ਇਲਾਕੇ ਭਰ ’ਚ ਬਸੰਤ ਪੰਚਮੀ ’ਤੇ ਭਰਨ ਵਾਲੇ ਇਸ ਵਿਆਹ ਪੁਰਬ ਜੋੜ ਮੇਲੇ ਨੂੰ (ਜੋ ਇਸ ਸਾਲ ਵੀ 15 ਅਤੇ 16 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ) ਨੂੰ ਲੋਕ ‘ਬਾਪੂ ਦਾ ਵਿਆਹ’ ਆਖ ਕੇ ਪੁਕਾਰਦੇ ਹਨ।

PunjabKesari


rajwinder kaur

Content Editor

Related News