...ਤਾਂ ਇਸ ਤਰ੍ਹਾਂ ਹੋਣਗੇ ਦਰਸ਼ਨ-ਏ-ਦੀਦਾਰ ਕਰਤਾਰਪੁਰ ਸਾਹਿਬ ਦੇ

Monday, Nov 26, 2018 - 09:49 PM (IST)

...ਤਾਂ ਇਸ ਤਰ੍ਹਾਂ ਹੋਣਗੇ ਦਰਸ਼ਨ-ਏ-ਦੀਦਾਰ ਕਰਤਾਰਪੁਰ ਸਾਹਿਬ ਦੇ

ਗੁਰਦਾਸਪੁਰ— ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਸੋਮਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਰੱਖ ਦਿੱਤਾ ਗਿਆ, ਜਦੋਂ ਕਿ ਪਾਕਿਸਤਾਨ ਵਲੋਂ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਲਾਂਘੇ ਰਾਹੀਂ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕਣਗੇ।

ਕੌਮਾਂਤਰੀ ਸਰਹੱਦਾਂ ਤਕ ਬਣੇਗਾ ਕਰਤਾਰਪੁਰ ਲਾਂਘਾ
ਭਾਰਤ ਤੇ ਪਾਕਿਸਤਾਨ ਆਪੋ ਆਪਣੀ ਜ਼ਮੀਨ 'ਤੇ ਵਿਸ਼ੇਸ਼ ਲਾਂਘੇ ਦੀ ਉਸਾਰੀ ਸ਼ੁਰੂ ਕਰਨਗੇ ਤੇ ਕੌਮਾਂਤਰੀ ਸਰਹੱਦ 'ਤੇ ਦੋਵਾਂ ਮੁਲਕਾਂ ਨੂੰ ਜੋੜਿਆ ਜਾਵੇਗਾ। ਭਾਰਤ 'ਚ ਤਕਰੀਬਨ ਦੋ ਕਿਲੋਮੀਟਰ ਤੇ ਪਾਕਿਸਤਾਨ 'ਚ ਤਕਰੀਬਨ ਤਿੰਨ ਕਿਲੋਮੀਟਰ ਤਕ ਲੰਮਾ ਲਾਂਘਾ ਉਸਾਰਿਆ ਜਾਵੇਗਾ, ਜਿਸ 'ਚ ਦੋ ਪੁਲ ਵੀ ਬਣਾਏ ਜਾਣਗੇ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 16 ਕਰੋੜ ਰੁਪਏ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਲਾਨਿਆ ਕਿ 4 ਮਹੀਨਿਆਂ ਤਕ ਭਾਰਤ ਆਪਣੇ ਵਾਲੇ ਪਾਸੇ ਦੀ ਉਸਾਰੀ ਪੂਰੀ ਕਰ ਲਵੇਗਾ।

ਵੀਜ਼ੇ ਦੀ ਵੀ ਨਹੀਂ ਲੋੜ
ਨੀਂਹ ਪੱਥਰ ਰੱਖਣ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਂਘੇ ਰਾਹੀਂ ਬਿਨਾਂ ਪਾਸਪੋਰਟ ਤੇ ਵੀਜ਼ੇ ਦੇ ਕੋਈ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾ ਸਕਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਅਸਥਾਨ ਦੇ ਦਰਸ਼ਨ ਕਰ ਸਕਦਾ ਹੈ। ਕੈਪਟਨ ਨੇ ਇਸ ਮੌਕੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਡੇਰਾ ਬਾਬਾ ਨਾਨਕ ਵਿਖੇ ਭਾਰਤੀ ਸਰਹੱਦ 'ਤੇ ਗੇਟ ਲਗਵਾਉਣ ਤੇ ਇਸ ਗੇਟ ਦਾ ਨਾਮ ਕਰਤਾਰਪੁਰ ਰੱਖਣ ਦੀ ਮੰਗ ਕੀਤੀ, ਜਿਸ ਅਧੀਨ ਗਡਕਰੀ ਨੇ ਇਹ ਮੰਗ ਤੁਰੰਤ ਪ੍ਰਵਾਨ ਕਰ ਲਈ।

ਲਾਂਘੇ ਦੇ ਪ੍ਰਬੰਧ ਬਾਰੇ ਕਈ ਫੈਸਲੇ ਅਜੇ ਬਾਕੀ
ਨੀਂਹ ਪੱਥਰ ਰੱਖਣ ਤੋਂ ਬਾਅਦ ਦੋਵਾਂ ਸਰਕਾਰਾਂ ਵਲੋਂ ਲਾਂਘੇ ਦੇ ਪ੍ਰਬੰਧਾਂ ਲਈ ਰਣਨੀਤੀ ਵੀ ਬਣਾਈ ਜਾਵੇਗੀ, ਜਿਸ ਅਧੀਨ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਕਿੰਨੇ ਸਮੇਂ ਲਈ ਉਥੇ ਰੁੱਕ ਸਕਦੇ ਹਨ। ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਲਾਂਘੇ ਨੂੰ ਪੱਕੇ ਤੌਰ 'ਤੇ ਸੀਲ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜੇਕਰ ਪਾਕਿਸਤਾਨ ਜਾ ਰਹੇ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੈ ਤਾਂ ਫਿਰ ਕਿਸ ਤਰੀਕੇ ਦਾ ਪਛਾਣ ਪੱਤਰ ਉਨ੍ਹਾਂ ਨੂੰ ਮਿਲੇਗਾ, ਜਿਸ ਨਾਲ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੀ ਸਹੀ ਪਛਾਣ ਹੋ ਸਕੇ। ਸਾਲ 2019 'ਚ ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੱਕ ਇਹ ਯਾਤਰਾ ਪੂਰਨ ਤੌਰ 'ਤੇ ਸ਼ੁਰੂ ਹੋ ਜਾਵੇਗੀ।


author

Sunny Mehra

Content Editor

Related News