ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਹਲਕਾ ਦੀਪ ਨਗਰ ਡੇਂਗੂ ਦੀ ਲਪੇਟ ''ਚ
Monday, Oct 23, 2017 - 08:10 AM (IST)

ਪਟਿਆਲਾ (ਬਲਜਿੰਦਰ, ਜੋਸਨ) - ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਦੇ ਵਿਧਾਨ ਸਭਾ ਹਲਕਿਆਂ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿਚ ਪਿਛਲੇ 3 ਮਹੀਨਿਆਂ ਤੋਂ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ, ਜੋ ਕਿ ਪਿਛਲੇ 15 ਦਿਨਾਂ ਤੋਂ ਕਾਫੀ ਵਧ ਗਿਆ ਹੈ। ਆਮ ਆਦਮੀ ਪਾਰਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ। ਅੱਜ ਉਨ੍ਹਾਂ ਨਗਰ ਨਿਗਮ ਖਿਲਾਫ ਪ੍ਰਦਰਸ਼ਨ ਵੀ ਕੀਤਾ। ਡੇਂਗੂ ਪ੍ਰਭਾਵਿਤ ਇਲਾਕੇ ਵਿਚ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ 'ਆਪ' ਦੇ ਬਲਾਕ ਨੰਬਰ 5 ਦੇ ਪ੍ਰਧਾਨ ਡਾ. ਪ੍ਰੀਤਮ ਸਿੰਘ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੀਪ ਨਗਰ ਇਲਾਕੇ ਦੀ ਸਫਾਈ ਨਹੀਂ ਕਰਵਾਈ ਜਾ ਰਹੀ ਹੈ। ਪੂਰੇ ਇਲਾਕੇ ਵਿਚ ਸਫਾਈ ਦਾ ਬੁਰਾ ਹਾਲ ਹੈ। ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਗ੍ਹਾ-ਜਗ੍ਹਾ ਸੀਵਰੇਜ ਲੀਕ ਹੋ ਰਿਹਾ ਹੈ। ਟਿਵਾਣਾ ਚੌਕ ਤੋਂ ਲੈ ਕੇ ਵਿਕਾਸ ਨਗਰ ਤੱਕ ਗੰਦਾ ਨਾਲਾ ਲੰਘ ਰਿਹਾ ਹੈ। ਇਸ ਦੀ ਕਾਫੀ ਸਾਲਾਂ ਤੋਂ ਸਫਾਈ ਨਹੀਂ ਹੋਈ ਹੈ। ਇਹ ਨਾਲਾ ਗੰਦਗੀ ਨਾਲ ਭਰਿਆ ਹੋਇਆ ਹੈ, ਜੋ ਕਿ ਪ੍ਰਮੁੱਖ ਤੌਰ 'ਤੇ ਬੀਮਾਰੀਆਂ ਦੀ ਜੜ੍ਹ ਹੈ।
ਡਾ. ਪ੍ਰੀਤਮ ਸਿੰਘ ਨੇ ਕਿਹਾ ਕਿ ਪੂਰੇ ਦੀਪ ਨਗਰ ਵਿਚ ਸਫਾਈ ਨਾ ਹੋਣ ਕਾਰਨ, ਸੀਵਰੇਜ ਲੀਕ ਹੋਣ ਅਤੇ ਗੰਦੇ ਨਾਲੇ ਕਰ ਕੇ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ। ਪੂਰੇ ਇਲਾਕੇ ਦੇ ਹਰ ਘਰ ਵਿੱਚ ਡੇਂਗੂ ਦੇ ਮਰੀਜ਼ ਪਏ ਹਨ। ਉਹ ਖੁਦ ਵੀ ਪਿਛਲੇ 8 ਦਿਨਾਂ ਤੋਂ ਡੇਂਗੂ ਬੁਖਾਰ ਨਾਲ ਪੀੜਤ ਹਨ। ਮੇਰੇ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਨਗਰ ਨਿਗਮ ਵਿਚ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਕਾਰਨ ਪੂਰੇ ਇਲਾਕੇ ਵਿਚ ਡੇਂਗੂ ਦੀ ਬੀਮਾਰੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ।
ਇਸ ਮੌਕੇ ਪਟਿਆਲਾ ਦਿਹਾਤੀ ਤੋਂ ਸੀਨੀਅਰ ਆਗੂ ਮੇਘ ਚੰਦ ਸ਼ੇਰਮਾਜਰਾ ਅਤੇ ਪਟਿਆਲਾ ਸ਼ਹਿਰੀ ਤੋਂ ਸੰਦੀਪ ਬੰਧੂ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੂਰੇ ਕਾਰਪੋਰੇਸ਼ਨ ਏਰੀਏ ਵਿਚ ਡੇਂਗੂ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੈ। ਡੇਂਗੂ ਦੇ ਮਹਿੰਗੇ ਇਲਾਜ ਕਾਰਨ ਹੋਰ ਵੀ ਬੁਰਾ ਹਾਲ ਹੋ ਰਿਹਾ ਹੈ। ਡਾਕਟਰਾਂ ਅਤੇ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਦੀ ਮਿਲੀਭੁਗਤ ਵੀ ਡੇਂਗੂ ਦੇ ਇਲਾਜ ਵਿਚ ਆਮ ਲੋਕਾਂ ਦੀ ਜੇਬ 'ਤੇ ਭਾਰੀ ਪੈ ਰਹੀ ਹੈ।
ਉਨ੍ਹਾਂ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਪੂਰੇ ਇਲਾਕੇ ਦੀ ਸਫਾਈ ਕਰਵਾ ਕੇ ਫੌਗਿੰਗ ਕਰਵਾਈ ਜਾਵੇ। ਜੇਕਰ ਨਹੀਂ ਕਰਵਾਈ ਜਾਂਦੀ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਅਤੇ ਨਗਰ ਨਿਗਮ ਖਿਲਾਫ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰੇਗੀ।
ਇਸ ਮੌਕੇ ਸਵਿੰਦਰ ਧਨੰਜੇ ਜਨਰਲ ਸਕੱਤਰ, ਕੁਲਵੰਤ ਟਿਵਾਣਾ ਵਾਈਸ ਪ੍ਰਧਾਨ, ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ, ਸਤੀਸ਼ ਕੁਮਾਰ ਜੁਆਇੰਟ ਸੈਕਟਰੀ, ਰਾਕੇਸ਼ ਕੁਮਾਰ ਜੁਆਇੰਟ ਸੈਕਟਰੀ, ਜ਼ੋਰਾ ਸਿੰਘ ਚੀਮਾ, ਗੋਲਡੀ, ਜੋਗਾ ਸਿੰਘ, ਪਰਮਜੀਤ ਸਿੰਘ, ਸਤਵੰਤ ਸਿੰਘ, ਸੁਸ਼ੀਲ ਕੁਮਾਰ, ਸੁਖਦੇਵ ਭੱਟੀ, ਪ੍ਰੇਮ ਸਿੰਘ ਖਾਲਸਾ, ਬਿੱਟੂ ਸਿੰਘ ਆਦਿ ਪਾਰਟੀ ਮੈਂਬਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।