30 ਸਾਲਾ ਇਕ ਹੋਰ ਵਿਅਕਤੀ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ
Sunday, Aug 13, 2017 - 07:24 AM (IST)
ਮੋਗਾ (ਸੰਦੀਪ) - ਸ਼ਨੀਵਾਰ ਨੂੰ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੀ ਬਲੱਡ ਬੈਂਕ 'ਚ ਡੇਂਗੂ ਦੇ ਸ਼ੱਕੀ ਮਰੀਜ਼ ਦਾ ਟੈਸਟ ਕਰਨ ਤੋਂ ਬਾਅਦ ਉਸ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਲਾ ਐਪੀਡੀਮੋਲੋਜਿਸਟ ਡਾ. ਮਨੀਸ਼ ਅਰੋੜਾ ਮੁਤਾਬਕ ਇਸ ਮਰੀਜ਼ ਤੋਂ ਪਹਿਲਾਂ ਵੀ ਜ਼ਿਲੇ ਦੇ 2 ਮਰੀਜ਼ਾਂ ਦੇ ਡੇਂਗੂ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ਨੀਵਾਰ ਨੂੰ ਸ਼ਹਿਰ ਦੇ ਏਕਤਾ ਨਗਰ ਨਿਵਾਸੀ ਡੇਂਗੂ ਪੀੜਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਨੂੰ ਦੋ ਦਿਨ ਤੋਂ ਬੁਖਾਰ ਹੋਣ ਦੀ ਸ਼ਿਕਾਇਤ ਦੇ ਨਾਲ ਹੀ ਸਰੀਰਕ ਤੌਰ 'ਤੇ ਕਮਜ਼ੋਰੀ ਮਹਿਸੂਸ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਉਸ ਨੂੰ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਡਾ. ਰਾਮੇਂਦਰ ਸ਼ਰਮਾ ਨੂੰ ਜਾਂਚ ਕਰਵਾਉਣ 'ਤੇ ਉਨ੍ਹਾਂ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਬਲੱਡ ਬੈਂਕ 'ਚ ਟੈਸਟ ਕਰਵਾਏ ਸਨ, ਜਿਸ ਦੀ ਰਿਪੋਰਟ ਉਨ੍ਹਾਂ ਨੂੰ ਪਾਜ਼ੀਟਿਵ ਦੱਸੀ ਗਈ ਹੈ।
ਡਾ. ਅਰੋੜਾ ਮੁਤਾਬਕ ਇਸ ਮਰੀਜ਼ ਦੀ ਡੇਂਗੂ ਟੈਸਟ ਦੀ ਰਿਪੋਰਟ ਐੈੱਨ. ਐੱਸ.-1 ਤਰੀਕੇ ਅਨੁਸਾਰ ਪਾਜ਼ੀਟਿਵ ਆਈ ਹੈ। ਉਸ ਦੇ ਖੂਨ ਦੇ ਪਲੇਟਲੈਟਸ (ਸੈੱਲ) ਵੀ ਕਾਫੀ ਘੱਟ ਹਨ। ਮਰੀਜ਼ ਦੀ ਰਿਪੋਰਟ ਅਨੁਸਾਰ ਸਪੈਸ਼ਲਿਸਟ ਡਾ. ਰਾਮੇਂਦਰ ਸ਼ਰਮਾ ਵੱਲੋਂ ਇਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮੱਛਰ ਤੋਂ ਬਚਣ ਅਤੇ ਇਸ ਦੇ ਮੁੱਢਲੇ ਲੱਛਣਾਂ ਤੋਂ ਸਿਹਤ ਵਿਭਾਗ ਵੱਲੋਂ ਜ਼ਿਲੇ ਭਰ 'ਚ ਵਿਸ਼ੇਸ਼ ਤੌਰ 'ਤੇ ਸੈਮੀਨਾਰ ਲਾਏ ਜਾ ਰਹੇ ਹਨ।
ਡੇਂਗੂ ਤੋਂ ਬਚਾਅ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ : ਲੂੰਬਾ
ਮਲੇਰੀਆ ਬ੍ਰਾਂਚ ਦੇ ਸੈਨੇਟਰੀ ਇੰਸਪੈਕਟਰ ਮਹਿੰਦਰਪਾਲ ਲੂੰਬਾ ਅਨੁਸਾਰ ਪਿਛਲੇ ਸਾਲ ਦੌਰਾਨ ਜ਼ਿਲਾ ਵਾਸੀਆਂ ਦੇ ਨਾਲ-ਨਾਲ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਸਰਕਾਰੀ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਕਰ ਕੇ ਉਨ੍ਹਾਂ ਵੱਲੋਂ ਸਿਵਲ ਹਸਪਤਾਲ 'ਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਹਸਪਤਾਲ ਦੇ ਹਰੇਕ ਪਾਸੇ ਆਪਣੀ ਨਿਗਰਾਨੀ ਅਧੀਨ ਉਨ੍ਹਾਂ ਵੱਲੋਂ ਸਫਾਈ ਕਰਵਾਈ ਜਾ ਰਹੀ ਹੈ ਤਾਂ ਕਿ ਹਸਪਤਾਲ ਦੇ ਡਿਊਟੀ ਸਟਾਫ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਡੇਂਗੂ ਸਮੇਤ ਹੋਰ ਬੀਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
