ਬਾਰਡਰ ’ਤੇ 7 ਫੁੱਟ ਚੌੜੇ ਡਰੋਨ ਉਡਾਉਣ ਲੱਗੇ ਸਮੱਗਲਰ, 10-15 ਕਿਲੋ ਵਜ਼ਨ ਚੱਕਣ ਦੀ ਰੱਖਦਾ ਸਮਰੱਥਾ
Monday, Jan 20, 2025 - 01:17 PM (IST)
ਅੰਮ੍ਰਿਤਸਰ (ਨੀਰਜ)–ਪੁਲਸ ਦੇ ਹੈਰੋਇਨ ਅਤੇ ਹਥਿਆਰਾਂ ਦੀ ਸਮਗੱਲਿੰਗ ’ਤੇ ਲਗਾਮ ਦੇ ਦਾਅਵਿਆਂ ਨੂੰ ਫੇਲ ਕਰਦੇ ਹੋਏ ਅੰਮ੍ਰਿਤਸਰ ਦੇ ਭਾਰਤ-ਪਾਕਿਸਤਾਨ ਬਾਰਡਰ ’ਤੇ ਹਾਲਾਤ ਖਤਰਨਾਕ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਸਮੱਗਲਰਾਂ ਨੇ ਹੁਣ 7-7 ਫੁੱਟ ਚੌੜੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ।ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਲੋਧੀ ਗੁੱਜਰ ਪਿੰਡ ਦੇ ਇਲਾਕੇ ’ਚ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਕ 7 ਫੁੱਟ ਚੌੜਾ ਹੈਗਜਾਕਾਪਟਰ ਡਰੋਨ ਫੜਿਆ ਹੈ ਜਿਸ ਦਾ ਵਜ਼ਨ 21 ਕਿਲੋ ਦੇ ਲਗਭਗ ਹੈ ਅਤੇ ਇਹ ਡਰੋਨ 10 ਤੋਂ 15 ਕਿਲੋ ਵਜ਼ਨ ਜਾਂ ਇਸ ਤੋਂ ਵੀ ਵੱਧ ਵਜ਼ਨ ਚੁੱਕਣ ’ਚ ਸਮਰੱਥ ਹੈ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀ. ਐੱਸ. ਐੱਫ. ਅਤੇ ਐੱਸ. ਟੀ.ਐੱਫ. ਸਣੇ ਹੋਰ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਵੀ ਚਿੰਤਾ ’ਚ ਪੈ ਗਈਆਂ ਹਨ ਕਿਉਂਕਿ ਆਮ ਤੌਰ ’ਤੇ ਸਮੱਗਲਰਾਂ ਵੱਲੋਂ ਹੈਰੋਇਨ ਅਤੇ ਹਥਿਆਰਾਂ ਦੇ ਪੈਕੇਟ ਇਧਰ-ਓਧਰ ਕਰ ਲਈ ਮਿੰਨੀ ਡਰੋਨ ਦੀ ਵਰਤੋਂ ਕੀਤੀ ਜਾਂਦੀ ਹੈ। ਮਿੰਨੀ ਡਰੋਨ ਵੱਧ ਤੋਂ ਵੱਧ 750 ਗ੍ਰਾਮ ਤਕ ਦਾ ਵਜ਼ਨ ਚੁੱਕਣ ’ਚ ਸਮੱਰਥ ਹੁੰਦਾ ਹੈ ਅਤੇ ਇਸ ਦੀ ਆਵਾਜ਼ ਵੀ ਬਹੁਤ ਘੱਟ ਹੁੰਦੀ ਹੈ ਇਸ ਦਾ ਬੈਟਰੀ ਬੈਕਅਪ ਵੀ ਵੱਧ ਨਹੀਂ ਹੁੰਦਾ ਹੈ। ਇਸ ਲਈ ਪੈਕੇਟ ਡ੍ਰਾਪ ਕਰਨ ਤੋਂ ਬਾਅਦ ਇਹ ਡਰੋਨ ਵਾਪਸ ਪਰਤਣ ਦੀ ਫਿਰਾਕ ’ਚ ਰਹਿੰਦਾ ਹੈ। ਬੀ. ਐੱਸ ਐੱਫ. ਵੱਲੋਂ ਹੁਣ ਤਕ ਫੜੇ ਜਾ ਚੁੱਕੇ 300 ਡ੍ਰੋਨਜ਼ ’ਚੋਂ ਸਿਰਫ ਚਾਰ ਡ੍ਰੋਨ ਹੀ ਮੀਡੀਅਮ ਸਾਈਜ ਦੇ ਹੈ ਬਾਕੀ ਸਾਰੇ ਮਿੰਨੀ ਡ੍ਰੋਨ ਹੀ ਫੜੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਰੇਲ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਇਹ ਟ੍ਰੇਨਾਂ ਹੋਈਆਂ ਬੰਦ
15 ਜਨਵਰੀ ਨੂੰ ਪਿੰਡ ਬੱਲੜਵਾਲ ’ਚ ਫੜੀ ਸੀ 9 ਕਿਲੋ ਹੈਰੋਇਨ
ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਲਈ ਵੱਡੇ ਡਰੋਨ ਉਡਾਏ ਜਾ ਰਹੇ ਹਨ। ਇਸ ਦਾ ਵੱਡਾ ਸਬੂਤ 15 ਜਨਵਰੀ ਦੇ ਦਿਨ ਹੀ ਮਿਲ ਗਿਆ ਸੀ। ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਉਨ੍ਹਾਂ ਬਦਨਾਮ ਪਿੰਡਾਂ ਦੀ ਲਿਸਟ ’ਚ ਸ਼ਾਮਲ ਇਕ ਨਵਾਂ ਨਾਂ ਬੱਲੜਵਾਲ ਵਿਚ ਬੀ. ਐੱਸ. ਐੱਫ. ਵੱਲੋਂ 9 ਕਿਲੋ ਦਾ ਇਕ ਵੱਡਾ ਪੈਕੇਟ ਜ਼ਬਤ ਕੀਤਾ ਗਿਆ ਸੀ ਜਿਸ ਨੇ ਸਾਬਿਤ ਕਰ ਦਿੱਤਾ ਸੀ ਕਿ ਸਮੱਗਲਰਾਂ ਨੇ ਵੱਡੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਹੁਣ ਤਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਇੰਨੀ ਵੱਡੀ ਹੈਰੋਇਨ ਦੀ ਖੇਪ ਕਿਸ ਸਮੱਗਲਰ ਨੇ ਮੰਗਵਾਈ ਸੀ ਅਤੇ ਕਿਸ ਨੇ ਭੇਜੀ ਸੀ ਪਰ ਬੱਲ਼ੜਵਾਲਾ ਪਿੰਡ ਜੋ ਕਸਬਾ ਅਜਨਾਲਾ ਦੇ ਇਲਾਕੇ ’ਚ ਪੈਂਦਾ ਹੈ ਇਥੇ ਸਮੱਗਲਰਾਂ ਦੀਆਂ ਸਰਗਰਮੀਆਂ ਕਾਫੀ ਤੇਜ਼ ਹੋ ਚੁੱਕੀਆਂ ਹਨ।
8 ਤੋਂ 10 ਕਿਲੋਮੀਟਰ ਤਕ ਦੂਰੀ ਤੈਅ ਕਰ ਸਕਦੈ ਹੈਗਜਾਕਾਪਟਰ
7 ਫੁੱਟ ਚੌੜੇ ਅਤੇ 21 ਕਿਲੋ ਵਜ਼ਨੀ ਹੈਗਜਾਕਾਪਟਰ ਡਰੋਨ ਦੀ ਗੱਲ ਕਰੇ ਤਾਂ ਇਹ ਡਰੋਨ ਅੱਠ ਤੋਂ ਦਸ ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦਾ ਹੈ ਅਤੇ ਇਕ ਘੰਟੇ ਤੋਂ ਵੀ ਵੱਧ ਸਮੇਂ ਤਕ ਹਵਾ ’ਚ ਰਹਿ ਸਕਦਾ ਹੈ। ਇਸ ਦਾ ਬੈਟਰੀ ਬੈਕਅਪ ਕਾਫੀ ਚੰਗਾ ਹੁੰਦਾ ਹੈ। ਸਮਗੱਲਰਾਂ ਵਲੋਂ ਇਸ ਵੱਡੇ ਡਰੋਨ ਦੀ ਵਰਤੋਂ ਇਸ ਲਈ ਕੀਤੀ ਗਈ ਹੈ ਤਾਂ ਕਿ ਬੀ. ਐੱਸ. ਐੱਫ. ਤੇ ਪੁਲਸ ਦੀਆਂ ਅੱਖਾਂ ’ਚ ਧੂੜ ਝੋਕਦੇ ਹੋਏ ਬਾਰਡਰ ਤੋਂ ਕਿਤੇ ਦੂਰ-ਦੁਰਾਡੇ ਦੇ ਉਸ ਸੁਰੱਖਿਅਤ ਪਿੰਡ ਦੇ ਟਿਕਾਣੇ ’ਚ ਹੈਰੋਇਨ ਅਤੇ ਹਥਿਆਰਾਂ ਦੀ ਡਲਿਵਰੀ ਕੀਤੀ ਜਾ ਸਕੇ ਪਰ ਐਂਟੀ ਡਰੋਨ ਤਕਨੀਕ ਕਾਰਨ ਇਹ ਡਰੋਨ ਹੇਠਾਂ ਡਿੱਗਿਆ ਹੈ ਜਾਂ ਫਿਰ ਕਿਸੇ ਤਕਨੀਕੀ ਖਰਾਬੀ ਦੇ ਚਲਦੇ ਹੇਠਾਂ ਡਿੱਗਾ ਹੈ। ਇਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ- ਸਦਕੇ ਜਾਈਏ 13 ਸਾਲਾ ਬੱਚੇ ਦੇ, ਅਖਬਾਰ ਵੰਡਣ ਵਾਲੇ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ
ਹੈਰੋਇਨ ਸਮੱਗਲਰੀ ਦੇ ਮਾਮਲੇ ’ਚ ਨਵਾਂ ਨਾਂ ਲੋਧੀ ਗੁੱਜਰ ਪਿੰਡ
ਲੋਧੀ ਗੁੱਜ਼ਰ ਪਿੰਡ ਜਿਥੋਂ ਹੈਗਜਾਕਾਪਟਰ ਡਰੋਨ ਮਿਲਿਆ ਹੈ ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਬਦਨਾਮ ਪਿੰਡਾਂ ਦੀ ਸੂਚੀ ’ਚ ਨਹੀਂ ਆਉਂਦਾ ਹੈ ਪਰ ਇਹ ਮੰਨਿਆ ਜਾ ਸਕਦਾ ਹੈ ਕਿ ਡਰੋਨ ਕਿਸੇ ਹੋਰ ਪਿੰਡ ’ਚ ਕਿਸੇ ਸੁਰੱਖਿਅਤ ਟਿਕਾਣੇ ’ਤੇ ਡਲਿਵਰੀ ਕਰ ਕੇ ਵਾਪਸ ਪਰਤ ਰਿਹਾ ਹੋਵੇਗਾ ਅਤੇ ਤਕਨੀਕੀ ਖਰਾਬੀ ਅਤੇ ਫਿਰ ਏ. ਡੀ. ਐੱਸ. ਤਕਨੀਕ ਕਾਰਨ ਲੋਦੀ ਗੁੱਜਰ ਪਿੰਡ ’ਚ ਡਿੱਗ ਗਿਆ।
ਕਿਥੇ ਹਨ ਵਿਲੇਜ ਡਿਫੈਂਸ ਕਮੇਟੀਆਂ?
ਸਮੱਗਲਰਾਂ ਦੀਆਂ ਸਰਗਰਮੀਆਂ ’ਤੇ ਨਕੇਲ ਕੱਸਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਰਹੱਦੀ ਪਿੰਡ ’ਚ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਜੋ ਰਾਤ -ਦਿਨ ਪਿੰਡਾਂ ’ਚ ਆਉਣ ਜਾਣ ਵਾਲਿਆਂ ’ਤੇ ਨਜ਼ਰ ਰੱਖਣ ਦਾ ਕੰਮ ਕਰਦੀ ਹੈ ਪਰ ਵਿਲੇਜ ਡਿਫੈਂਸ ਕਮੇਟੀਆਂ ਵੀ ਡਰੋਨ ਦੀ ਮੂਵਮੈਂਟ ਨੂੰ ਰੋਕ ਨਹੀਂ ਸਕੀ ਹੈ। ਸਗੋਂ ਇਸ ਤੋਂ ਉਲਟ ਡਰੋਨ ਮੂਵਮੈਂਟ ਨੇ ਅਗਲੇ ਪਿਛਲ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8