ਹਰਿਆਣਾ ਦਾ ਖਤਰਨਾਕ ਗੈਂਗਸਟਰ ਵਰਿੰਦਰ ਰਾਣਾ ਕਾਬੂ

Thursday, Aug 09, 2018 - 06:31 AM (IST)

ਹਰਿਆਣਾ ਦਾ ਖਤਰਨਾਕ ਗੈਂਗਸਟਰ ਵਰਿੰਦਰ ਰਾਣਾ ਕਾਬੂ

ਪਟਿਆਲਾ,   (ਬਲਜਿੰਦਰ)-  ਹਰਿਆਣਾ ਦੇ ਨਾਰਾਇਣਗੜ੍ਹ ਪਿੰਡ ਦੇ ਸਰਪੰਚ ਦਾ ਕਤਲ ਕਰ ਕੇ ਫਰਾਰ ਭੂਪੀ-ਰਾਣਾ ਗਰੁੱਪ ਦੇ ਗੈਂਗਸਟਰ ਵਰਿੰਦਰ ਰਾਣਾ ਨੂੰ ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਕਾਬੂ ਕਰ ਲਿਆ ਹੈ। ਵਰਿੰਦਰ ਰਾਣਾ ਨੂੰ ਸੂਚਨਾ ਦੇ ਆਧਾਰ 'ਤੇ ਬਹਾਦਰਗੜ੍ਹ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਚ. ਓ. ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪਟਿਆਲਾ ਪੁਲਸ ਨੂੰ ਵਰਿੰਦਰ ਰਾਣਾ ਦੇ ਪਟਿਆਲਾ ਵਿਖੇ ਹੋਣ ਦੀ ਸੂਚਨਾ ਮਿਲੀ ਸੀ। ਐੱਸ. ਐੱਸ. ਪੀ ਮਨਦੀਪ ਸਿੰਘ ਸਿੱਧੂ ਨੇ ਗੁਪਤ ਸੂਚਨਾ ਉਨ੍ਹਾਂ ਨੂੰ ਮੁਹੱਈਆ ਕਰਵਾਈ, ਜਿਸ ਦੇ ਆਧਾਰ 'ਤੇ ਵਰਿੰਦਰ ਰਾਣਾ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਰਿੰਦਰ ਰਾਣਾ ਹਰਿਆਣਾ ਪੁਲਸ ਨੂੰ ਨਰਾਇਣਗੜ੍ਹ ਦੇ ਸਰਪੰਚ ਮਾਸਟਰ ਉਰਫ ਸੈਸ਼ਨ ਜੱਜ ਦੇ ਕਤਲ ਕੇਸ ਵਿਚ ਅਤਿ ਲੋੜੀਂਦਾ ਸੀ। ਇਸ ਮਾਮਲੇ ਵਿਚ ਥਾਣਾ ਨਾਰਾਇਣਗੜ੍ਹ 'ਚ  ਕੇਸ ਦਰਜ ਹੈ। ਐੱਸ. ਐਚ. ਓ. ਟਿਵਾਣਾ ਨੇ ਦੱਸਿਆ ਕਿ ਵਰਿੰਦਰ ਰਾਣਾ ਨੂੰ ਕਾਬੂ ਕਰਨ ਤੋਂ ਬਾਅਦ ਹਰਿਆਣਾ ਪੁਲਸ ਨੂੰ ਸੂਚਿਤ ਕੀਤਾ ਗਿਆ। ਹਰਿਆਣਾ ਪੁਲਸ ਅੱਜ ਸਵੇਰੇ ਪਟਿਆਲਾ ਪਹੁੰਚ ਗਈ ਤੇ ਐੱਸ. ਐੱਚ. ਓ. ਟਿਵਾਣਾ ਨੇ ਵਰਿੰਦਰ ਰਾਣਾ ਨੂੰ ਹਰਿਆਣਾ ਪੁਲਸ ਦੇ ਹਵਾਲੇ ਕਰ ਦਿੱਤਾ।  ਵਰਿੰਦਰ ਰਾਣਾ ਇਸ ਗਰੁੱਪ ਦੇ ਮੁਖੀ ਕੁਲਦੀਪ ਰਾਣਾ ਦਾ ਭਰਾ ਦੱਸਿਆ ਜਾ ਰਿਹਾ ਹੈ।


Related News