CIA ਸਟਾਫ਼ ਜਲੰਧਰ ਵੱਲੋਂ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

Thursday, Jun 13, 2024 - 11:20 AM (IST)

CIA ਸਟਾਫ਼ ਜਲੰਧਰ ਵੱਲੋਂ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਫਿਲੌਰ/ਜਲੰਧਰ (ਭਾਖੜੀ, ਸ਼ੋਰੀ)-ਇਰਾਦਾ-ਏ-ਕਤਲ ਦੇ ਕੇਸ ’ਚ ਫਰਾਰ ਚੱਲ ਰਹੇ ਖ਼ਤਰਨਾਕ ਗੈਂਗਸਟਰ ਵਿਜੇ ਮਸੀਹ ਜਿਸ ’ਤੇ 2 ਦਰਜਨ ਦੇ ਕਰੀਬ ਹਥਿਆਰ ਅਤੇ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਨੂੰ ਬੀਤੇ ਦਿਨ ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੇ ਮੁਖੀ ਇੰਸ. ਪੁਸ਼ਪ ਬਾਲੀ ਨੇ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਜਸਰੂਪ ਕੌਰ ਦੀ ਅਗਵਾਈ ’ਚ ਤੇਹਿੰਗ ਚੁੰਗੀ ਨੇੜਿਓਂ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਗੈਂਗਸਟਰ ਨੇ ਫਰਾਰ ਹੋਣ ਤੋਂ ਬਾਅਦ ਆਪਣੇ ਗੈਂਗ ਦੇ ਲੜਕਿਆਂ ਨਾਲ ਲੋਕਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਦਿਹਾਤੀ ਅੰਕੁਰ ਗੁਪਤਾ ਨੇ ਦੱਸਿਆ ਕਿ ਫਿਲੌਰ ਦੇ ਮੁਹੱਲਾ ਉੱਚੀ ਘਾਟੀ ਦਾ ਰਹਿਣ ਵਾਲਾ ਖ਼ਤਰਨਾਕ ਗੈਂਗਸਟਰ ਵਿਜੇ ਮਸੀਹ ਪੁੱਤਰ ਜੋਜੀ ਮਸੀਹ ਨੇ ਡੇਢ ਮਹੀਨਾ ਪਹਿਲਾਂ ਆਪਣੇ ਗੈਂਗ ਦੇ 10-12 ਸਾਥੀਆਂ ਨਾਲ ਮਿਲ ਕੇ ਅਨੀਸ਼ ਪੁੱਤਰ ਮਨੀ ਨੂੰ ਮਾਰਨ ਦੇ ਇਰਾਦੇ ਨਾਲ ਨਾਜਾਇਜ਼ ਪਿਸਤੌਲ ਨਾਲ ਗੋਲ਼ੀਆਂ ਚਲਾਈਆਂ ਸਨ, ਜਿਸ ’ਤੇ ਫਿਲੌਰ ਪੁਲਸ ਨੇ ਵਿਜੇ ਮਸੀਹ ਅਤੇ ਉਸ ਦੇ ਸਾਥੀਆਂ ’ਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਤੋਂ ਇਹ ਗੈਂਗ ਫਰਾਰ ਚੱਲ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ

ਉਨ੍ਹਾਂ ਨੇ ਦੱਸਿਆ ਕਿ ਗੈਂਗਸਟਰ ਵਿਜੇ ਨੇ ਫਰਾਰ ਹੋਣ ਦੌਰਾਨ ਆਪਣੇ ਗੈਂਗ ਦੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਆਏ ਦਿਨ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਇਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਦੋ ਹਫ਼ਤੇ ਪਹਿਲਾਂ ਹੀ ਇਸ ਨੇ 2 ਸਾਬਕਾ ਕੌਂਸਲਰਾਂ ਰਣਜੀਤ ਅਤੇ ਸੁਰਿੰਦਰ ਡਾਬਰ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਸੀ। ਉਕਤ ਗੈਂਗ ਦੀਆਂ ਆਏ ਦਿਨ ਉਨ੍ਹਾਂ ਕੋਲ ਸ਼ਿਕਾਇਤਾਂ ਪੁੱਜ ਰਹੀਆਂ ਸਨ।
ਇਸ ਗੈਂਗ ਅਤੇ ਇਸ ਦੇ ਸਰਗਣਾ ਨੂੰ ਕਾਬੂ ਕਰਨ ਲਈ ਖਾਸ ਤੌਰ ’ਤੇ ਆਈ. ਪੀ. ਐੱਸ. ਮੈਡਮ ਜਸਬੀਰ ਕੌਰ ਬਾਠ, ਉਪ ਪੁਲਸ ਕਪਤਾਨ (ਇਨਵੈਸਟੀਗੇਸ਼ਨ) ਲਖਬੀਰ ਸਿੰਘ ਦੀ ਅਗਵਾਈ ’ਚ ਸੀ. ਆਈ. ਏ. ਜਲੰਧਰ ਦੇ ਮੁਖੀ ਇੰਸ. ਪੁਸ਼ਪ ਬਾਲੀ ਦੀ ਇਕ ਵਿਸ਼ੇਸ਼ ਟੀਮ ਤਿਆਰ ਕੀਤੀ, ਜੋ ਲਗਾਤਾਰ ਇਸ ਗੈਂਗ ਨੂੰ ਫੜਨ ਲਈ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਇੰਸਪੈਕਟਰ ਬਾਲੀ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਵਿਜੇ ਤੇਹਿੰਗ ਚੁੰਗੀ ਕੋਲੋਂ ਗੁਜ਼ਰਨ ਵਾਲਾ ਹੈ। ਉਨ੍ਹਾਂ ਨੇ ਆਪਣੀ ਪੁਲਸ ਪਾਰਟੀ ਨਾਲ ਜਾਲ ਵਿਛਾ ਕੇ ਵਿਜੇ ਮਸੀਹ ਨੂੰ ਕਾਬੂ ਕਰ ਲਿਆ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।

ਵਿਜੇ ਮਸੀਹ ਨੂੰ ਪਨਾਹ ਦੇਣ ਅਤੇ ਰਾਬਤਾ ਰੱਖਣ ਵਾਲਿਆਂ ’ਤੇ ਵੀ ਹੋਵੇਗੀ ਕਾਰਵਾਈ
ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਵਿਜੇ ਮਸੀਹ ਡੇਢ ਮਹੀਨੇ ਤੋਂ ਫਰਾਰ ਚੱਲ ਰਿਹਾ ਸੀ। ਉਸ ਨੂੰ ਜਿਨ੍ਹਾਂ ਲੋਕਾਂ ਨੇ ਪਨਾਹ ਦਿੱਤੀ ਅਤੇ ਜਿਹੜੇ ਲੋਕ ਉਸ ਦੇ ਸੰਪਰਕ ’ਚ ਸਨ, ਉਨ੍ਹਾਂ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨਸ਼ੇ ਦੇ ਕੈਪਸੂਲ, ਗੋਲ਼ੀਆਂ ਵੇਚਦਾ ਬਣ ਗਿਆ ਹਥਿਆਰਾਂ ਦਾ ਵੱਡਾ ਸਮੱਗਲਰ
ਪੁਲਸ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਜੇ ਮਸੀਹ ਅਤੇ ਉਸ ਦਾ ਪਿਤਾ ਜੋਜੀ ਮਸੀਹ ਸ਼ੁਰੂ ’ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਵੇਚਦੇ ਸਨ। ਉਸ ਤੋਂ ਬਾਅਦ ਇਨ੍ਹਾਂ ਨੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ ਅਤੇ ਜ਼ਿਆਦਾ ਮੁਨਾਫਾ ਕਮਾਉਣ ਲਈ ਵਿਜੇ ਨਸ਼ੀਲਾ ਪਾਊਡਰ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਲੱਗ ਪਿਆ ਅਤੇ ਖ਼ੁਦ ਦਾ ਗੈਂਗ ਖੜ੍ਹਾ ਕਰ ਲਿਆ। ਮੌਜੂਦਾ ਸਮੇਂ ’ਚ ਵਿਜੇ ਕਿਸ ਗੈਂਗ ਦੇ ਸੰਪਰਕ ਵੀ ਸੀ, ਉਸ ਦਾ ਵੀ ਪਤਾ ਕੀਤਾ ਜਾ ਰਿਹਾ ਹੈ। ਵਿਜੇ ਦੇ ਘਰੋਂ ਪੁਲਸ ਨੇ ਪਹਿਲਾਂ ਵੀ ਭਾਰੀ ਮਾਤਰਾ ’ਚ ਸੋਨੇ ਦੇ ਗਹਿਣੇ, 22 ਲੱਖ ਰੁਪਏ ਬਰਾਮਦ ਕੀਤੇ ਸਨ, ਜਿਸ ਦੀ ਜਾਂਚ ਐੱਸ. ਟੀ. ਐੱਫ਼. ਕੋਲ ਚੱਲ ਰਹੀ ਹੈ।

ਇਹ ਵੀ ਪੜ੍ਹੋ-ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ 
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News