ਲਾਕ ਡਾਊਨ ਖੁੱਲ੍ਹਦੇ ਹੀ ਅਕਾਲੀ ਦਲ ਜਥੇਬੰਦੀ ਦਾ ਕਰੇਗਾ ਐਲਾਨ : ਚੀਮਾ
Wednesday, May 20, 2020 - 06:05 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਸਾਬਕਾ ਵਜ਼ੀਰ ਦਲਜੀਤ ਸਿੰਘ ਚੀਮਾ ਨੇ ਅੱਜ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੀ ਨਵੀਂ ਜਥੇਬੰਦੀ ਦਾ ਐਲਾਨ ਲਾਕ ਡਾਊਨ ਖੁੱਲ੍ਹਣ ਤੋਂ ਬਾਅਦ ਕਰ ਦੇਣਗੇ। ਇਸ ਸਬੰਧੀ ਸਾਰੀ ਤਿਆਰੀ ਮੁਕੰਮਲ ਹੈ। ਡਾ.ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਹੋਏ ਹਨ। ਹੁਣ ਉਹ ਜਲਦ ਹੀ ਐਲਾਨ ਕਰ ਦੇਣਗੇ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚਲਦੇ ਇਸ ਵਿਚ ਦੇਰ ਹੋਈ ਹੈ।ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜ਼ਿਲੇ ਦੇ ਪ੍ਰਧਾਨਾਂ ਵਿਚ ਵੀ ਫੇਰਬਦਲ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਪ੍ਰਧਾਨ ਹੀ ਦੱਸ ਸਕਦੇ ਹਨ ਪਰ ਲਾਕ ਡਾਊਨ ਖੁੱਲ੍ਹਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਗਤੀਵਿਧੀਆਂ ਤੇਜ਼ ਕਰਕੇ ਮੌਜੂਦਾ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਝੰਡਾ ਚੁੱਕੇਗਾ।ਜਦੋਂ ਪੁੱਛਿਆ ਕਿ ਕੀ ਨਵੇਂ ਚਿਹਰੇ ਵਾਲੇ ਆਗੂਆਂ ਤੇ ਨੌਜਵਾਨਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਨੌਜਵਾਨ ਯੂਥ ਅਕਾਲੀ ਦਲ ਵਿਚ ਸੇਵਾ ਨਿਪਾ ਰਹੇ ਹਨ ਤੇ ਨਵੇਂ ਚਿਹਰਿਆਂ ਬਾਰੇ ਪਾਰਟੀ ਪ੍ਰਧਾਨ ਨੇ ਫੈਸਲੇ ਲੈਣੇ ਹਨ।