ਮੋਹਾਲੀ ਦੇ ਪਿੰਡ ''ਚ ਦਲਿਤ ਔਰਤ ਨਾਲ ਕੁੱਟਮਾਰ, ਕੱਪੜੇ ਤੱਕ ਫਾੜ੍ਹ ਛੱਡੇ
Monday, Jun 18, 2018 - 10:40 AM (IST)

ਮੋਹਾਲੀ (ਜੱਸੋਵਾਲ) : ਮੋਹਾਲੀ 'ਚ ਪੈਂਦੇ ਪਿੰਡ ਸਿਲ 'ਚ 3 ਲੋਕਾਂ ਵਲੋਂ ਇਕ ਦਲਿਤ ਔਰਤ ਦੀ ਕੂੜੇ ਪਿੱਛੇ ਕੁੱਟਮਾਰ ਕੀਤੀ ਗਈ ਅਤੇ ਇੱਥੋਂ ਤੱਕ ਕਿ ਉਸ ਦੇ ਕੱਪੜੇ ਵੀ ਫਾੜ੍ਹ ਦਿੱਤੇ ਗਏ। ਪੀੜਤਾ ਵਲੋਂ ਇਸ ਮਾਮਲੇ ਦੀ ਚੌਂਕੀ ਘਰੂਆ ਦੇ ਐੱਸ. ਐੱਚ. ਓ. ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਸ ਨੇ ਉਸ ਦੀ ਕੋਈ ਮਦਦ ਨਾ ਕੀਤੀ।
ਜਾਣਕਾਰੀ ਮੁਤਾਬਕ ਜਸਵਿੰਦਰ ਕੌਰ ਪਤਨੀ ਹਰਨੇਕ ਸਿੰਘ ਵਾਸੀ ਪਿੰਡ ਸਿਲ, ਮੋਹਾਲੀ ਨੇ ਦੱਸਿਆ ਕਿ ਉਸ ਦਾ ਕੋਈ ਭਰਾ ਨਾ ਹੋਣ ਕਾਰਨ ਉਹ ਆਪਣੇ ਪਤੀ ਨਾਲ ਆਪਣੇ ਪੇਕੇ ਰਹਿ ਰਹੀ ਹੈ। ਉਸ ਦੀ ਮਾਂ ਦੋਹਾਂ ਅੱਖਾਂ ਤੋਂ ਅੰਨ੍ਹੀ ਹੈ, ਇਸ ਲਈ ਉਹ ਪੇਕੇ ਰਹਿ ਕੇ ਉਸ ਦੀ ਦੇਖਭਾਲ ਕਰ ਰਹੀ ਹੈ। ਜਸਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਬਣੀ ਸ਼ਾਮਲਾਟ ਜ਼ਮੀਨ 'ਤੇ ਕੂੜੇ ਦਾ ਵੱਡਾ ਢੇਰ ਹੈ ਅਤੇ ਬੀਤੇ ਦਿਨੀਂ ਉਹ ਸਵੇਰੇ ਕੂੜਾ ਸੁੱਟਣ ਗਈ ਤਾਂ ਪਿੰਡ ਦੇ ਸੁਰਿੰਦਰ ਸਿੰਘ, ਪਰਮਜੀਤ ਪੰਮਾ ਅਤੇ ਹਰਵਿੰਦਰ ਸਿੰਘ ਉੱਥੇ ਆਏ ਅਤੇ ਉਸ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਦਿੱਤੀ। ਇਨ੍ਹਾਂ ਲੋਕਾਂ ਨੇ ਜਸਵਿੰਦਰ ਦੇ ਕੱਪੜੇ ਤੱਕ ਵੀ ਫਾੜ੍ਹ ਛੱਡੇ ਅਤੇ ਜਾਤੀਸੂਚਕ ਸ਼ਬਦ ਕਹਿ ਕੇ ਉਸ ਨੂੰ ਕੁੱਟਦੇ ਰਹੇ।
ਜਸਵਿੰਦਰ ਨੇ ਦੱਸਿਆ ਕਿ ਕੁੱਟਮਾਰ ਕਰਨ ਤੋਂ ਬਾਅਦ ਉਹ ਲੋਕ ਘਰ ਆ ਕੇ ਧਮਕੀਆਂ ਦੇਣ ਲੱਗ ਪਏ ਕਿ ਉਹ ਉਸ ਦੇ ਸਾਰੇ ਪਰਿਵਾਰ ਨੂੰ ਖਤਮ ਕਰ ਦੇਣਗੇ। ਇਸ ਤੋਂ ਬਾਅਦ ਜਦੋਂ ਜਸਵਿੰਦਰ ਆਪਣੇ ਪਰਿਵਾਰ ਨਾਲ ਥਾਣੇ 'ਚ ਉਕਤ ਤਿੰਨਾਂ ਖਿਲਾਫ ਸ਼ਿਕਾਇਤ ਦੇਣ ਗਈ ਤਾਂ ਪੁਲਸ ਵਾਲਿਆਂ ਨੇ ਉਲਟਾ ਉਸ ਨੂੰ ਹੀ ਕਸੂਰਵਾਰ ਦੱਸ ਛੱਡਿਆ। ਪੁਲਸ ਦੀ ਢਿੱਲੀ ਕਾਰਵਾਈ ਦੇਖ ਕੇ ਉਹ ਇਨਸਾਫ ਲੈਣ ਲਈ ਭ੍ਰਿਸ਼ਟਾਚਾਰ ਅਤੇ ਅੱਤਿਆਚਾਰ ਮੰਚ ਦੇ ਪ੍ਰਧਾਨ ਸ. ਬਲਵਿੰਦਰ ਸਿੰਘ ਕੁੰਭੜਾ ਕੋਲ ਗਈ ਅਤੇ ਇਸ ਦੀ ਸ਼ਿਕਾਇਤ ਕੀਤੀ। ਪੀੜਤਾ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਕ ਹਫਤੇ ਅੰਦਰ ਜਸਵਿੰਦਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਨਾਲ ਲੈ ਕੇ ਫਰੰਟ ਦੇ ਲੋਕਾਂ ਨਾਲ ਮਿਲ ਕੇ ਐੱਸ. ਐੱਸ. ਪੀ. ਮੋਹਾਲੀ ਦੇ ਦਫਤਰ ਦਾ ਘਿਰਾਅ ਕਰਨਗੇ ਅਤੇ ਮੰਗ ਕਰਨਗੇ ਕੇ ਚੌਂਕੀ ਘਰੂਆ ਦੇ ਐੱਸ. ਐੱਚ. ਓ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਐੱਸ. ਸੀ./ਐੱਸ. ਟੀ. ਕਮਿਸ਼ਨ ਨੂੰ ਵੀ ਦੇਣਗੇ ਜਾਂ ਜੋ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕੇ।