ਆਰ. ਐੱਸ. ਐੱਸ. ਦਾ ਸਿੱਖ ਮਾਮਲਿਆਂ ''ਚ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਦਲ ਖਾਲਸਾ

Tuesday, Oct 24, 2017 - 05:54 AM (IST)

ਆਰ. ਐੱਸ. ਐੱਸ. ਦਾ ਸਿੱਖ ਮਾਮਲਿਆਂ ''ਚ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਦਲ ਖਾਲਸਾ

ਚੰਡੀਗੜ੍ਹ(ਭੁੱਲਰ)-ਦਲ ਖਾਲਸਾ ਨੇ ਰਾਸ਼ਟਰੀ ਸਿੱਖ ਸੰਗਤ ਵਲੋਂ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਪੁਰਬ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਕਰਵਾਉਣ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਰਾਸ਼ਟਰੀ ਸਵੈ-ਸੇਵਕ ਸੰਘ ਵਲੋਂ ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦਿੱਤਾ ਜਾ ਰਿਹਾ ਹੈ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਆਰ. ਐੱਸ. ਐੱਸ. ਵਲੋਂ ਰਾਸ਼ਟਰੀ ਸਿੱਖ ਸੰਗਤ ਦਾ ਗਠਨ ਹੀ ਸਿੱਖ ਧਰਮ ਅੰਦਰ ਘੁਸਪੈਠ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਚੀਮਾ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਮਾਮਲਿਆਂ ਵਿਚ ਦਖਲ ਦੇਣ ਦਾ ਕਿਸੇ ਪੱਖ ਤੋਂ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਕੌਮ ਇਸ ਬੇਤੁਕੀ ਅਤੇ ਸ਼ਰਾਰਤ ਭਰੀ ਦਖਲ-ਅੰਦਾਜ਼ੀ ਨੂੰ ਬਰਦਾਸ਼ਤ ਕਰੇਗੀ। ਰਾਸ਼ਟਰੀ ਸਿੱਖ ਸੰਗਤ ਦੇ ਵਜੂਦ ਉਤੇ ਸਵਾਲੀਆ ਚਿੰਨ੍ਹ ਲਾਉਂਦਿਆਂ ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤਾਂ ਅਨੁਸਾਰ ਸੰਗਤ ਕੇਵਲ ਗੁਰੂ ਦੀ ਹੁੰਦੀ ਹੈ ਨਾ ਕਿ ਕਿਸੇ ਰਾਸ਼ਟਰ ਦੀ। ਉਨ੍ਹਾਂ ਆਰ. ਐੱਸ. ਐੱਸ. ਦੇ ਸਿੱਖ ਅਤੇ ਸਿੱਖੀ-ਵਿਰੋਧੀ ਮਨਸੂਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੇ ਨਾ-ਪਾਕ ਇਰਾਦਿਆਂ ਨੂੰ ਅਸਫਲ ਬਣਾਉਣਾ ਹਰ ਸਿੱਖ ਦਾ ਫਰਜ਼ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਆਰ. ਐੱਸ. ਐੱਸ. ਖਿਲਾਫ 2004 ਦਾ ਹੁਕਮਨਾਮਾ ਬਾ-ਦਸਤੂਰ ਕਾਇਮ ਹੈ ਅਤੇ ਜਿਹੜੇ ਸਿੱਖ ਦਿੱਲੀ ਵਿਚ ਆਰ. ਐੱਸ. ਐੱਸ. ਦੇ ਸੰਮੇਲਨ ਵਿਚ ਹਿੱਸਾ ਲੈਣਗੇ, ਉਹ ਪੰਥ ਦੇ ਗੱਦਾਰ ਹੋਣਗੇ। ਉਨ੍ਹਾਂ ਕਿਹਾ ਕਿ ਤਖਤ ਪਟਨਾ ਸਾਹਿਬ ਦੇ ਪ੍ਰਬੰਧਕ ਗਿਆਨੀ ਇਕਬਾਲ ਸਿੰਘ ਨੂੰ ਪੰਥ-ਦੋਖੀਆਂ ਨਾਲ ਸਾਂਝ ਪਾਉਣ ਅਤੇ ਸਟੇਜ ਸਾਂਝੀ ਕਰਨ ਤੋਂ ਵਰਜੇ।


Related News