ਬਾਲਾ ਸਾਹਿਬ ਹਸਪਤਾਲ ਚਲਾਉਣ ''ਚ ਬਾਦਲ ਦਲ ਬੁਰੀ ਤਰ੍ਹਾਂ ਫੇਲ੍ਹ : ਸਰਨਾ

Wednesday, Jan 09, 2019 - 05:40 PM (IST)

ਬਾਲਾ ਸਾਹਿਬ ਹਸਪਤਾਲ ਚਲਾਉਣ ''ਚ ਬਾਦਲ ਦਲ ਬੁਰੀ ਤਰ੍ਹਾਂ ਫੇਲ੍ਹ : ਸਰਨਾ

ਜਲੰਧਰ (ਚਾਵਲਾ)—ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬਾਲਾ ਸਾਹਿਬ ਹਸਪਤਾਲ ਨੂੰ ਚਲਾਉਣ ਬਾਰੇ ਬਾਦਲ ਦਲ ਵਲੋਂ ਆਰੰਭ ਕੀਤੀ ਗਈ ਨਵੀਂ ਕਵਾਇਦ 'ਤੇ ਇਤਰਾਜ਼ ਪ੍ਰਗਟ ਕਰਦਿਆਂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਸਵਾਲ ਕੀਤਾ ਕਿ ਇਹੋ ਕੰਮ ਜਦੋਂ ਉਹ (ਸਰਨਾ) 2012-13 'ਚ ਬਾਲਾ ਸਾਹਿਬ ਹਸਪਤਾਲ ਚਲਾਉਣ ਲਈ ਕਰ ਰਹੇ ਸਨ ਤਾਂ ਉਸ ਵੇਲੇ ਬਾਦਲ ਦਲ ਨੇ ਇਸ ਦਾ ਵਿਰੋਧ ਕਿਉਂ ਕੀਤਾ ਸੀ? ਉਨ੍ਹਾਂ ਕਿਹਾ ਕਿ ਬਾਦਲ ਦਲ 6 ਸਾਲਾਂ ਤਕ ਹਸਪਤਾਲ ਨਹੀਂ ਚਲਾ ਸਕਿਆ ਤੇ  ਹੁਣ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਹਸਪਤਾਲ ਚਲਾਉਣ ਲਈ ਬੇਨਤੀਆਂ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਇਸੇ ਹਸਪਤਾਲ ਨੂੰ ਮੁੱਦਾ ਬਣਾ ਕੇ 2013 ਤੇ 2017 ਦੀਆਂ ਦਿੱਲੀ ਕਮੇਟੀ ਦੀਆਂ ਚੋਣਾਂ ਲੜੀਆਂ ਸਨ ਤੇ ਦਿੱਲੀ ਦੀ ਸੰਗਤ ਨਾਲ ਝੂਠੇ ਵਾਅਦੇ ਕਰ ਕੇ ਗੁਰੂ ਦੀ ਗੋਲਕ ਤੇ ਕਮੇਟੀ ਦੇ ਸੋਮਿਆਂ 'ਤੇ ਕਬਜ਼ਾ ਕਰ ਲਿਆ ਸੀ ਤੇ ਹੁਣ 6 ਸਾਲ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਨ ਤੋਂ ਬਾਅਦ ਜਦੋਂ ਬਾਲਾ ਸਾਹਿਬ ਹਸਪਤਾਲ ਨਹੀਂ ਚਲਾ ਸਕੇ ਅਤੇ ਦਿੱਲੀ ਦੀਆਂ ਸੰਗਤਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੇ ਤਾਂ  ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦੇ ਡੇਰੇ ਤੇ ਆਪਣੀ ਨਾਲਾਇਕੀ 'ਤੇ ਪਰਦਾ ਪਾਉਣ ਲਈ ਪਹੁੰਚ ਗਏ। ਉਨ੍ਹਾਂ ਕਿਹਾ ਕਿ ਅਖੀਰ ਦਿੱਲੀ ਦੀ ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਕਿ ਬਾਦਲ ਦਲ ਦੇ ਆਗੂ ਦੇ  ਦਿੱਲੀ ਕਮੇਟੀ ਦੇ ਹੋਰ ਸੀਨੀਅਰ ਆਗੂ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਦੇ ਡੇਰੇ 'ਤੇ ਕਿਸ ਗਲਤੀ ਦੀ ਮੁਆਫੀ ਲਈ ਪਹੁੰਚੇ ਹਨ?  ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਨੇਤਾ ਮਨਜੀਤ ਸਿੰਘ ਜੀ. ਕੇ. ਤੇ ਮਨਜਿੰਦਰ  ਸਿੰਘ ਸਿਰਸਾ ਲਗਾਤਾਰ ਝੂਠੇ ਦੋਸ਼ ਮੜ੍ਹਦੇ ਰਹੇ ਕਿ ਸਰਨਾ ਨੇ ਬਾਲਾ ਹਸਪਤਾਲ ਵੇਚ ਦਿੱਤਾ ਹੈ  ਪਰ ਇਸ ਬਾਬਤ ਅੱਜ ਤਕ ਕੋਈ ਇਕ ਵੀ ਸਬੂਤ ਸੰਗਤਾਂ ਸਾਹਮਣੇ ਨਸ਼ਰ ਨਹੀਂ ਕੀਤਾ ਗਿਆ। ਇਸ ਲਈ ਹੁਣ ਸਾਡੀ ਪਾਰਟੀ ਦਿੱਲੀ ਦੀਆਂ ਸੰਗਤਾਂ ਵਿਚ ਜਾ ਕੇ ਬਾਦਲ ਦਲ ਨੂੰ ਬੇਨਕਾਬ ਕਰੇਗੀ।  ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਇਤਿਹਾਸ 'ਚ ਪਹਿਲੀ ਵਾਰ ਇੰਨੇ ਵੱਡੇ ਘਪਲੇ ਤੇ ਭ੍ਰਿਸ਼ਟਾਚਾਰ ਸਾਹਮਣੇ ਆਏ ਹਨ, ਜਿਸ ਨੇ ਦਿੱਲੀ ਕਮੇਟੀ ਦੇ ਅਕਸ ਨੂੰ ਦੇਸ਼ ਹੀ ਨਹੀਂ ਸਗੋਂ ਸੰਸਾਰ ਭਰ 'ਚ ਖਰਾਬ ਕੀਤਾ ਹੈ।


author

Shyna

Content Editor

Related News