ਡੀ-ਮਾਰਟ ਤੇ ਢਿੱਲੋਂ ਗਰੁੱਪ ਨੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਚ ਦਾਨ ਕੀਤੇ 5.05 ਕਰੋੜ ਰੁਪਏ

Friday, Apr 03, 2020 - 05:06 PM (IST)

ਡੀ-ਮਾਰਟ ਤੇ ਢਿੱਲੋਂ ਗਰੁੱਪ ਨੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ 'ਚ ਦਾਨ ਕੀਤੇ 5.05 ਕਰੋੜ ਰੁਪਏ

ਚੰਡੀਗੜ੍ਹ/ਜਲੰਧਰ (ਧਵਨ, ਅਸ਼ਵਨੀ)- ਕੋਰੋਨਾਵਾਇਰਸ ਦੀ ਜਿਥੇ ਪੂਰੀ ਦੁਨੀਆ ਵਿਚ ਦਹਿਸ਼ਤ ਜਾਰੀ ਹੈ, ਉਥੇ ਹੀ ਇਸ ਵਾਇਰਸ ਨੂੰ ਰੋਕਣ ਲਈ ਕੋਸ਼ਿਸ਼ਾਂ ਵੀ ਲਗਾਤਾਰ ਜਾਰੀ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਾਇਰਸ ਨਾਲ ਜੂਝ ਰਹੇ ਸੂਬੇ ਦੇ ਲੋਕਾਂ ਦੀ ਮਦਦ ਲਈ 24 ਮਾਰਚ 2020 ਨੂੰ ਇਕ ਰਿਲੀਫ ਫੰਡ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਕੋਈ ਵੀ ਵਿਅਕਤੀ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਆਪਣਾ ਯੋਗਦਾਨ ਦੇ ਸਕਦਾ ਹੈ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ, ਵਪਾਰੀਆਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਸੀ।

ਪੰਜਾਬ ਸਰਕਾਰ ਦੀ ਇਸੇ ਪਹਿਲਕਦਮੀਂ 'ਤੇ ਪੰਜਾਬ ਦੇ ਡੀ-ਮਾਰਟ ਤੇ ਢਿੱਲੋਂ ਗਰੁੱਪ ਨੇ ਮੁੱਖ ਮੰਤਰੀ ਕੋਵੀਡ ਰਾਹਤ ਫੰਡ ਵਿਚ 5.05 ਕਰੋੜ ਰੁਪਏ ਦਾਨ ਕੀਤੇ ਹਨ, ਜਿਸ ਨਾਲ ਸਰਕਾਰ ਨੂੰ ਲੋੜਵੰਦਾਂ ਦੀ ਸਹਾਇਤਾ ਵਿਚ ਮਦਦ ਮਿਲੇਗੀ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਕਰਨ ਢਿੱਲੋਂ ਤੇ ਕੰਵਰ ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਚੈਕ ਭੇਟ ਕੀਤਾ। ਇਸ 'ਤੇ ਮੁੱਖ ਮੰਤਰੀ ਨੇ ਸੂਬਾ ਸਰਕਾਰ ਵਲੋਂ ਡੀ-ਮਾਰਟ ਤੇ ਸ੍ਰੀ ਕੇਵਲ ਸਿੰਘ ਢਿੱਲੋਂ, ਸ੍ਰੀ ਕਰਨ ਢਿੱਲੋਂ ਤੇ ਸ੍ਰੀ ਕੰਵਰ ਢਿੱਲੋਂ ਦਾ ਇਸ ਨਾਜ਼ੁਕ ਸਮੇਂ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ ਤੇ ਉਹਨਾਂ ਨੂੰ ‘ਸੱਚੇ ਪੰਜਾਬੀ’ ਤੇ 'ਸੂਬੇ ਦੇ ਹੀਰੋ' ਕਰਾਰ ਦਿੱਤਾ ਜੋ ਅਜਿਹੇ ਨਾਜ਼ੁਕ ਵੇਲੇ ਆਪਣੇ ਸੂਬੇ ਦੇ ਲੋਕਾਂ ਦੇ ਨਾਲ ਖੜੇ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਵਿਚ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਹਾਲਾਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਲੋੜਵੰਦਾਂ ਤੇ ਗਰੀਬਾਂ ਦੇ ਨਾਲ ਇਸ ਜੰਗ ਵਿਚ ਅੱਗੇ ਵਧ ਕੇ ਕੰਮ ਕਰਦੇ ਵਿਅਕਤੀਆਂ ਦੀ ਮਦਦ ਤੇ ਰਾਹਤ ਦੇ ਲਈ ਯੋਗਦਾਨ ਦੇਣਾ ਚਾਹੀਦਾ ਹੈ। ਕੈਪਟਨ ਸਾਹਬ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਸ੍ਰੀ ਢਿੱਲੋਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਲਈ ਵੱਡੇ ਪੈਮਾਨੇ 'ਤੇ ਕਦਮ ਚੁੱਕੇ ਹਨ। ਅੱਤਵਾਦ ਦੇ ਸਮੇਂ ਜਦੋਂ ਪੰਜਾਬ ਵਿਚ ਨਿਵੇਸ਼ ਤੇ ਉਦਯੋਗ ਘੱਟ ਗਏ ਸਨ ਤਾਂ ਢਿੱਲੋਂ ਗਰੁੱਪ ਨੇ ਸੰਗਰੂਰ ਵਿਚ ਪੈਪਸੀਕੋ ਸਥਾਪਿਤ ਕਰਕੇ ਵੱਡਾ ਯੋਗਦਾਨ ਦਿੱਤਾ ਸੀ, ਜੋ ਅੱਜ ਵੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਮੁਸ਼ਕਲ ਘੜੀ ਵਿਚ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ।


author

Baljit Singh

Content Editor

Related News