ਡੀ. ਸੀ. ਵਲੋਂ ਧਾਰੀਵਾਲ ਦਾਣਾ ਮੰਡੀ ਦਾ ਜਾਇਜ਼ਾ
Sunday, May 06, 2018 - 12:04 AM (IST)

ਗੁਰਦਾਸਪੁਰ, (ਵਿਨੋਦ, ਹਰਮਨਪ੍ਰੀਤ, ਦੀਪਕ)- ਜ਼ਿਲੇ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਤੇ ਚੁਕਾਈ ਸਬੰਧੀ ਰੋਜ਼ਾਨਾ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਖਰੀਦੀ ਫਸਲ ਨੂੰ ਨਿਰਧਾਰਿਤ ਸਮੇਂ ਅੰਦਰ ਮੰਡੀਆਂ 'ਚੋਂ ਚੁਕਵਾਇਆ ਜਾਵੇ। ਅੱਜ ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਵਲੋਂ ਦਾਣਾ ਮੰਡੀ ਧਾਰੀਵਾਲ ਦਾ ਦੌਰਾ ਕੀਤਾ ਗਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਰੀਦ ਕੀਤੀ ਫਸਲ ਨੂੰ ਨਿਸ਼ਚਿਤ ਸਮੇਂ ਅੰਦਰ ਖਰੀਦਿਆ ਤੇ ਚੁੱਕਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਹ ਹਰ ਰੋਜ਼ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ ਤੇ ਫਸਲ ਦੀ ਖਰੀਦ, ਚੁਕਾਈ ਤੇ ਅਦਾਇਗੀ ਸਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਨ ਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਜ਼ਿਲੇ 'ਚ 4 ਮਈ ਤਕ ਜ਼ਿਲੇ ਦੀਆਂ 93 ਮੰਡੀਆਂ 'ਚ 526385 ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਕਿਸਾਨਾਂ ਨੂੰ 766.85 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ, ਜੋ ਕਰੀਬ 87 ਫੀਸਦ ਬਣਦਾ ਹੈ। ਮੰਡੀਆਂ 'ਚ ਫਸਲ ਦੀ ਆਮਦ ਸਿਖਰ 'ਤੇ ਚੱਲ ਰਹੀ ਹੈ ਤੇ ਖਰੀਦੀ ਫਸਲ ਨੂੰ ਮੰਡੀਆਂ 'ਚੋਂ ਤੇਜ਼ੀ ਨਾਲ ਚੁਕਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।