ਡੀ.ਸੀ. ਦਫ਼ਤਰ ਕਾਮਿਆਂ ਦੀ ਕਲਮ-ਛੋੜ ਹੜਤਾਲ ਭਲਕੇ
Tuesday, Feb 13, 2018 - 04:23 PM (IST)

ਸ਼੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)- ਪੰਜਾਬ ਰਾਜ ਜ਼ਿਲਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਦੇ ਚੌਥੇ ਪੜਾਅ 'ਚ ਭਲਕੇ ਮਿਤੀ :15 ਫਰਵਰੀ ਨੂੰ ਕਲਮ-ਛੋੜ ਹੜਤਾਲ ਕਰਕੇ ਸਮੁੱਚਾ ਕੰਮ-ਕਾਜ ਠੱਪ ਰੱਖਿਆ ਜਾਵੇਗਾ, ਜਦਕਿ 16 ਫਰਵਰੀ ਨੂੰ ਸਮੁੱਚੇ ਪੰਜਾਬ ਦੇ ਡੀ.ਸੀ. ਦਫ਼ਤਰ ਕਾਮੇ ਸਮੂਹਿਕ ਛੁੱਟੀ ਲੈ ਕੇ ਪਟਿਆਲਾ ਵਿਖੇ ਰੋਸ ਰੈਲੀ ਕਰਨਗੇ। ਇਹ ਜਾਣਕਾਰੀ ਪੰਜਾਬ ਰਾਜ ਜ਼ਿਲਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਵਰਿੰਦਰ ਢੋਸੀਵਾਲ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਟਾਫ ਪ੍ਰਾਪਤੀ, ਪਦਉੱਨਤੀਆਂ, ਨਾਰਮਜ਼ ਮੁਤਾਬਕ ਪੋਸਟਾਂ ਦੀ ਰਚਨਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ, 4,9,14 ਸਾਲ ਦੀ ਸੇਵਾ ਤੇ ਉੱਚ ਸਕੇਲ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਦੇ ਰੋਸ ਵਜੋਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ 'ਚ ਯੂਨੀਅਨ ਦੇ ਕਰਮਚਾਰੀ ਮੌਜੂਦ ਸਨ।