DC ਨੇ ਹਾਈਵੇ ਅਥਾਰਟੀ ਨੂੰ ਦਕੋਹਾ ਅੰਡਰਪਾਸ ਦੀਆਂ ਸਰਵਿਸ ਲੇਨਜ਼ ਬਣਾਉਣ ਲਈ ਕੀਤੀਆਂ ਹਦਾਇਤਾਂ ਜਾਰੀ

Tuesday, Sep 19, 2023 - 05:50 PM (IST)

DC ਨੇ ਹਾਈਵੇ ਅਥਾਰਟੀ ਨੂੰ ਦਕੋਹਾ ਅੰਡਰਪਾਸ ਦੀਆਂ ਸਰਵਿਸ ਲੇਨਜ਼ ਬਣਾਉਣ ਲਈ ਕੀਤੀਆਂ ਹਦਾਇਤਾਂ ਜਾਰੀ

ਜਲੰਧਰ (ਬਿਊਰੋ) : ਦਕੋਹਾ ਵਹੀਕਲ ਅੰਡਰਪਾਸ (ਵੀ.ਯੂ.ਪੀ.) ਦੇ ਨਿਰਮਾਣ ਦੀ ਮੱਠੀ ਰਫ਼ਤਾਰ, ਜਿਸ ਕਾਰਨ ਜਲੰਧਰ-ਪਾਣੀਪਤ ਰਾਸ਼ਟਰੀ ਰਾਜ ਮਾਰਗ 'ਤੇ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ, ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਕੌਮੀ ਹਾਈਵੇ ਅਥਾਰਟੀ ਨੂੰ ਅੰਡਰਪਾਸ ਵਿੱਚ ਦੋਵੇਂ ਪਾਸੇ ਸਰਵਿਸ ਲੇਨਜ਼ ਬਣਾਉਣ ਲਈ 15 ਦਿਨਾਂ ਦਾ ਸਮਾਂ ਦਿੱਤਾ ਤਾਂ ਜੋ ਟ੍ਰੈਫਿਕ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ- CTU ਨੂੰ ਕਿਰਾਏ ਤੋਂ ਵੱਧ ਕਮਾਈ ਇਸ਼ਤਿਹਾਰਾਂ ਤੋਂ, ਆਮਦਨ ਵਧਾਉਣ ਲਈ ਸੇਵਾਵਾਂ ਬਿਹਤਰ ਕਰਨ ਦਾ ਸੁਝਾਅ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮ ਕਰ ਰਹੀ ਏਜੰਸੀ ਦੀ ਲਾਪ੍ਰਵਾਹੀ ਕਾਰਨ ਇਸ ਵਿਸ਼ੇਸ਼ ਜੰਕਸ਼ਨ 'ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਟੋਇਆਂ ਵਾਲੀਆਂ ਸਰਵਿਸ ਲੇਨਜ਼ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਅਜਿਹਾ ਰਵੱਈਆ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਐਨ.ਐਚ.ਏ.ਆਈ ਨੂੰ ਅਗਲੇ 15 ਦਿਨਾਂ ਵਿੱਚ ਸਰਵਿਸ ਲੇਨਜ਼ ਬਣਾਉਣ ਲਈ ਸਬੰਧਤ ਏਜੰਸੀ ਨੂੰ ਤੁਰੰਤ ਹਦਾਇਤਾਂ ਜਾਰੀ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਮਾਂ ਸੀਮਾ ਤੋਂ ਬਾਅਦ ਜੇਕਰ ਟੁੱਟੀਆਂ ਸਰਵਿਸ ਲੇਨਜ਼ ਕਾਰਨ ਸੜਕ 'ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ- ਅਨੰਤਨਾਗ ਦੇ ਜੰਗਲ 'ਚ ਲੁਕੇ ਅੱਤਵਾਦੀਆਂ ਦੇ ਅੱਡੇ ਨੂੰ ਭਾਰਤੀ ਫੌਜ ਨੇ ਕੀਤਾ ਤਬਾਹ

ਉਪਰੰਤ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਬੰਧਤ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਲਈ ਇਕ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਐਨ.ਐਚ.ਏ.ਆਈ. ਵੱਲੋਂ 4 ਅਕਤੂਬਰ ਨੂੰ ਸਾਂਝੇ ਤੌਰ ’ਤੇ ਦੌਰਾ ਕਰਕੇ ਸਾਈਟ ਦਾ ਨਿਰੀਖਣ ਕੀਤਾ ਜਾਵੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ 6 ਮਾਰਗੀ ਜਲੰਧਰ ਬਾਈਪਾਸ, ਅੰਮ੍ਰਿਤਸਰ-ਬਠਿੰਡਾ ਪ੍ਰਾਜੈਕਟ, ਦਿੱਲੀ-ਕਟੜਾ ਐਕਸਪ੍ਰੈਸ ਵੇਅ ਸਮੇਤ ਐਨ.ਐਚ.ਏ.ਆਈ. ਦੇ ਵੱਖ-ਵੱਖ ਪ੍ਰਾਜੈਕਟਾਂ ਤਹਿਤ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਜਲਦ ਤੋਂ ਜਲਦ ਵੰਡ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਹੋਰ ਦੇਰੀ ਤੋਂ ਬਚਣ ਲਈ ਮੁਆਵਜ਼ੇ ਦੇ ਕੇਸਾਂ ਨੂੰ ਜਲਦ ਨਿਪਟਾਉਣ ਲਈ ਕਿਹਾ।

ਇਹ ਵੀ ਪੜ੍ਹੋ- ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ

ਉਨ੍ਹਾਂ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਐਨ.ਐਚ.ਏ.ਆਈ. ਨਾਲ ਮਿਲ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਇਨ੍ਹਾਂ ਪ੍ਰਮੁੱਖ ਪ੍ਰਾਜੈਕਟਾਂ ਦੇ ਨੇਪਰੇ ਚੜ੍ਹਨ ਨਾਲ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲ ਸਕੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮਹੱਤਵ ਦੇ ਇਹ ਪ੍ਰਾਜੈਕਟ ਟ੍ਰੈਫਿਕ ਜਾਮ ਨੂੰ ਦੂਰ ਕਰਨ, ਸੈਰ ਸਪਾਟੇ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਮਹਾਜਨ , ਐਸ ਡੀ ਐਮਜ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Anuradha

Content Editor

Related News