ਡੀ. ਸੀ. ਤੇ ਜ਼ਿਲਾ ਪੁਲਸ ਮੁਖੀ ਵੱਲੋਂ ਜੇਲ ਦਾ ਨਿਰੀਖਣ
Wednesday, Feb 07, 2018 - 02:24 AM (IST)
ਮੋਗਾ, (ਅਜ਼ਾਦ)- ਅੱਜ ਜੀ. ਟੀ. ਰੋਡ ਮੋਗਾ 'ਤੇ ਸਥਿਤ ਸਬ ਜੇਲ ਮੋਗਾ ਦਾ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਤੇ ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਹੋਰ ਉਚ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਜੇਲ ਸੁਪਰਡੈਂਟ ਅਮਰੀਕ ਸਿੰਘ ਵੀ ਮੌਜੂਦ ਸਨ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਜੇਲ 'ਚ ਬੰਦ ਹਵਾਲਾਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਸਾਨੂੰ ਖੁੱਲ੍ਹ ਕੇ ਦੱਸ ਸਕਦੇ ਹਨ ਪਰ ਸਾਰੇ ਹਵਾਲਾਤੀਆਂ ਨੇ ਕਿਹਾ ਕਿ ਸਾਨੂੰ ਕੋਈ ਮੁਸ਼ਕਲ ਨਹੀਂ ਆ ਰਹੀ। ਉਨ੍ਹਾਂ ਜੇਲ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਜੇਲ ਦਾ ਰਿਕਾਰਡ ਚੈਕ ਕਰਕੇ ਚੰਗੀ ਤਰ੍ਹਾਂ ਨਾਲ ਛਾਣਬੀਣ ਕੀਤੀ ਪਰ ਕੋਈ ਤਰੁੱਟੀ ਨਹੀਂ ਪਾਈ ਗਈ। ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਤੇ ਹੋਰ ਡਾਕਟਰਾਂ ਦੀ ਟੀਮ ਨੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਜਾਂਚ ਕਰਨ ਦੇ ਇਲਾਵਾ ਉਨ੍ਹਾਂ ਦੇ ਸਿਹਤ ਦੀ ਵੀ ਜਾਂਚ ਕੀਤੀ। ਉਨ੍ਹਾਂ ਹਵਾਲਾਤੀਆਂ ਨੂੰ ਮਿਲਣ ਵਾਲੇ ਖਾਣੇ ਦੇ ਬਾਰੇ ਪੁੱਛਗਿੱਛ ਕੀਤੀ। ਡਿਪਟੀ ਸੁਪਰਡੈਂਟ ਜੇਲ ਅਮਰੀਕ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਅਸੀਂ ਨਿਰੀਖਣ ਕਰਨ ਆਏ ਡਿਪਟੀ ਕਮਿਸ਼ਨਰ ਮੋਗਾ ਨੂੰ ਸੀਵਰੇਜ ਸਮੱਸਿਆ ਨੂੰ ਹੱਲ ਕਰਨ, ਆਰ. ਓ. ਸਿਸਟਮ ਲਾਉਣ ਦੇ ਇਲਾਵਾ ਜੇਲ 'ਚ ਸਥਿਤ ਜ਼ਿਲਾ ਮਾਲਖਾਨਾ ਬਲਦਣ ਦੀ ਗੁਹਾਰ ਲਾਈ ਸੀ। ਡਿਪਟੀ ਕਮਿਸ਼ਨਰ ਮੋਗਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਮਾਲਖਾਨਾ ਕਿਸੇ ਹੋਰ ਜਗ੍ਹਾ 'ਤੇ ਸ਼ਿਫਟ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਹਰ ਹਫਤੇ ਹਵਾਲਾਤੀਆਂ ਦੇ ਸਿਹਤ ਦੀ ਜਾਂਚ ਕਰਦੀ ਰਹਿੰਦੀ ਹੈ ਤੇ ਜੇਲ 'ਚ 24 ਘੰਟੇ ਇਕ ਫਾਰਮਾਸਿਸਟ ਦੀ ਡਿਊਟੀ ਰਹਿੰਦੀ ਹੈ ਤੇ ਉਹ ਸਮੇਂ-ਸਮੇਂ 'ਤੇ ਹਵਾਲਾਤੀਆਂ ਦੀ ਜਾਂਚ ਕਰਦੇ ਰਹਿੰਦੇ ਹਨ। ਇਸ ਮੌਕੇ ਐੱਸ. ਪੀ. (ਐੱਚ) ਪ੍ਰਿਥੀਪਾਲ ਸਿੰਘ, ਡੀ. ਐੱਸ. ਪੀ. ਸਿਟੀ ਕੇਸਰ ਸਿੰਘ, ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਰੁਣ ਗੁਪਤਾ, ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਤੇ ਹੋਰ ਅਧਿਕਾਰੀ ਮੌਜੂਦ ਸਨ।
