ਡੀ. ਟੀ. ਐੱਫ. ਨੇ ਕੀਤਾ ਸਿੱਖਿਆ ਮੰਤਰੀ ਦਾ ਅਰਥੀ ਫੂਕ ਪ੍ਰਦਰਸ਼ਨ
Saturday, Aug 19, 2017 - 05:30 AM (IST)
ਮਾਨਸਾ,(ਮਨਜੀਤ ਕੌਰ)- ਡੈਮੋਕਰੇਟਿਕ ਟੀਚਰ ਫਰੰਟ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਇੱਥੇ ਸਿੱਖਿਆ ਮੰਤਰੀ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੇ ਖਿਲਾਫ ਸਿੱਖਿਆ ਮੰਤਰੀ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਜ਼ਿਲੇ ਭਰ 'ਚੋਂ ਵੱਡੀ ਗਿਣਤੀ 'ਚ ਇਕੱਠੇ ਹੋਏ ਅਧਿਆਪਕਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਦਸਮੇਸ਼ ਸਕੂਲ ਤੱਕ ਰੋਸ ਮਾਰਚ ਵੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸਿਕੰਦਰ ਸਿੰਘ ਅਤੇ ਜਨਰਲ ਸਕੱਤਰ ਅਮੋਲਕ ਡੇਲੂਆਣਾ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਡਰਾਇਆ, ਧਮਕਾਇਆ ਜਾ ਰਿਹਾ ਹੈ।
ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੇ ਵਜ਼ੀਫੇ ਅਤੇ ਕਿਤਾਬਾਂ ਸਮੇਂ ਸਿਰ ਦਿੱਤੀਆ ਜਾਣ, ਸਾਰੇ ਹੀ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਸਮਾਨ ਕੰਮ ਸਮਾਨ ਤਨਖਾਹ ਦਾ ਕਾਨੂੰਨ ਲਾਗੂ ਕੀਤਾ ਜਾਵੇ, ਨਵ-ਨਿਯੁਕਤ ਅਧਿਆਪਕਾਂ ਦਾ ਪ੍ਰੋਬੇਸ਼ਨਰੀ ਪੀਰੀਅਡ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 15 ਦਿਨਾਂ ਦੀ ਮੈਡੀਕਲ ਛੁੱਟੀ ਦਾ ਫੈਸਲਾ ਵਾਪਸ ਲੈ ਕੇ ਪਹਿਲਾਂ ਵਾਲੀ ਸਥਿਤੀ ਬਹਾਲ ਕੀਤੀ ਜਾਵੇ, ਬੱਚਿਆਂ ਨੂੰ ਆਇਰਨ ਅਤੇ ਹੋਰ ਗੋਲੀਆਂ ਦੇਣ ਦਾ ਕੰਮ ਅਧਿਆਪਕਾਂ ਤੋਂ ਵਾਪਸ ਲਿਆ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿਚ ਲਿਆਂਦਾ ਜਾਵੇ, ਬਦਲੀਆਂ 'ਚ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਹਰ ਤਰ੍ਹਾਂ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ।
ਇਸ ਮੌਕੇ ਹੰਸਾ ਸਿੰਘ ਡੇਲੂਆਣਾ, ਓਮ ਪ੍ਰਕਾਸ਼ ਸਰਦੂਲਗੜ੍ਹ, ਅਸ਼ਵਨੀ ਖੁਡਾਲ, ਕ੍ਰਿਸ਼ਨ ਬਰੇਟਾ, ਹਰਦੀਪ ਸਿੱਧੂ, ਜਗਦੀਸ਼ ਰਾਏ, ਪਰਮਿੰਦਰ ਮਾਨਸਾ, ਬਲਜੀਤ ਸਿੰਘ, ਕੁਲਦੀਪ ਦਾਤੇਵਾਸ, ਜਸਵੀਰ ਜਸ਼ਨ, ਪ੍ਰਦੀਪ ਕੁਮਾਰ, ਕਰਮਜੀਤ ਤਾਮਕੋਟ, ਰਾਮ ਸਿੰਘ, ਜਸਵਿੰਦਰ ਜਵਾਹਰਕੇ, ਇੰਦਰਜੀਤ ਡੇਲੂਆਣਾ, ਜਗਤਾਰ ਝੱਬਰ, ਰਾਜਵਿੰਦਰ ਮੀਰ ਆਦਿ ਨੇ ਵੀ ਸੰਬੋਧਨ ਕੀਤਾ।
