ਡੀ. ਸੀ. ਦਫ਼ਤਰ ਮੁਲਾਜ਼ਮਾਂ ਦੀ ਕਲਮਛੋਡ਼ ਹਡ਼ਤਾਲ ਕੱਲ ਤੋਂ
Sunday, Aug 26, 2018 - 02:11 AM (IST)

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਸਰਕਾਰ ਵੱਲੋਂ ਡੀ. ਸੀ. ਦਫ਼ਤਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਵੀਕਾਰਨ ਦੇ ਬਾਵਜੂਦ ਪੂਰੀਆਂ ਨਾ ਕਰਨ ਕਰ ਕੇ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਿਕਰਮ ਆਦੀਆ ਦੀ ਪ੍ਰਧਾਨਗੀ ’ਚ ਅੱਜ ਇਥੇ ਹੋਈ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ ਕਿ ਸੂਬਾ ਇਕਾਈ ਦੇ ਫੈਸਲੇ ਅਨੁਸਾਰ 27 ਅਤੇ 28 ਅਗਸਤ ਨੂੰ ਡੀ. ਸੀ., ਐੱਸ. ਡੀ. ਐੱਮ., ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦਫ਼ਤਰਾਂ ’ਚ ਜ਼ਿਲੇ ਭਰ ਦੇ ਮੁਲਾਜ਼ਮ ਦੋ ਰੋਜ਼ਾ ਕਲਮਛੋਡ਼ ਹਡ਼ਤਾਲ ਕਰਨਗੇ। ਇਸ ਦੌਰਾਨ ਸਰਕਾਰ ਖਿਲਾਫ਼ ਅਰਥੀ-ਫੂਕ ਮੁਜ਼ਾਹਰੇ ਵੀ ਕੀਤੇ ਜਾਣਗੇ।
ਯੂਨੀਅਨ ਦੇ ਸੀਨੀ. ਮੀਤ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਹਰ ਮੁਲਾਜ਼ਮ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਏ. ਸੀ. ਪੀ. ਸਕੀਮ ਤਹਿਤ ਹਾਇਰ ਵੇਤਨ ਸਕੇਲ ਦਿੱਤਾ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ ਤੇ ਹੋਰ ਲਟਕਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
ਇਸ ਮੌਕੇ ਜਨਰਲ ਸਕੱਤਰ ਨਰਿੰਦਰ ਸਿੰਘ, ਉਪ ਪ੍ਰਧਾਨ ਗੁਰਜਿੰਦਰ ਕੌਰ, ਸੰਯੁਕਤ ਸਕੱਤਰ ਦੀਪਕ ਕੁਮਾਰ, ਸਕੱਤਰ ਰਾਮ ਸਰੂਪ, ਪ੍ਰੈੱਸ ਸਕੱਤਰ ਚੰਦਨ ਸ਼ਰਮਾ, ਨਿਤਿਸ਼ ਕੁਮਾਰ, ਸੰਜੇ ਠਾਕੁਰ, ਅਸ਼ਵਨੀ ਕੁਮਾਰ, ਕੁਲਵਿੰਦਰਜੀਤ ਕੌਰ, ਸ਼ਮਿੰਦਰ ਸਿੰਘ, ਸੰਜੀਵ ਕੁਮਾਰ ਆਦਿ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਰਾਮਜੀ ਦਾਸ ਚੌਹਾਨ, ਪ੍ਰਵੇਸ਼ ਕੁਮਾਰ, ਰੁਪਿੰਦਰ ਸਿੰਘ, ਅਮਨਦੀਪ ਸ਼ਰਮਾ, ਰਾਜਾ ਹੰਸ, ਵਰਿਆਮ ਸਿੰਘ ਮਿਨਹਾਸ, ਅਮਰਜੀਤ ਕੁਮਾਰ, ਤਿਲਕ ਰਾਜ, ਦਵਿੰਦਰ ਸਿੰਘ ਬਾਹੋਵਾਲ, ਹਰਮਿੰਦਰ ਕੌਰ, ਮੱਖਣ ਲੰਗੇਰੀ ਅਤੇ ਸੁਰਜੀਤ ਰਾਜਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਰਕਾਰ ਦੇ ਮੁਲਾਜ਼ਮ ਮੰਗਾਂ ਸਬੰਧੀ ਸੰਜੀਦਾ ਦਿਖਾਈ ਨਾ ਦੇਣ ਕਰ ਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪੂਰੇ ਪੰਜਾਬ ਅੰਦਰ ਮੁਲਾਜ਼ਮਾਂ ਦੇ ਰੋਹ ਨੂੰ ਉਜਾਗਰ ਕਰਨ ਲਈ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਰਕਾਰ ਵਿਰੁੱਧ ਰੋਹ ਨੂੰ ਪ੍ਰਚੰਡ ਕਰਨ ਅਤੇ ਤਿੱਖੇ ਸੰਘਰਸ਼ ਦੀ ਤਿਆਰੀ ਲਈ ਬਜਟ ਸੈਸ਼ਨ ਦੌਰਾਨ 27 ਅਗਸਤ ਨੂੰ ਪੂਰੇ ਪੰਜਾਬ ਅੰਦਰ ਸਰਕਾਰ ਵਿਰੁੱਧ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਲੜੀ ਤਹਿਤ ਜ਼ਿਲੇ ਦੇ ਸਾਰੇ ਬਲਾਕਾਂ ਅੰਦਰ ਐਕਸ਼ਨ ਹੋਣਗੇ।
ਸੰਘਰਸ਼ ਕਮੇਟੀ ਦੇ ਜ਼ਿਲਾ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਇਸ ਕਡ਼ੀ ਤਹਿਤ ਬਲਾਕ ਗਡ਼੍ਹਸ਼ੰਕਰ ਵਿਖੇ ਗਾਂਧੀ ਪਾਰਕ ’ਚ 3 ਵਜੇ, ਮਾਹਿਲਪੁਰ ਸਬਜ਼ੀ ਮੰਡੀ ਵਿਖੇ 1.30 ਵਜੇ, ਹੁਸ਼ਿਆਰਪੁਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ 2.30 ਵਜੇ, ਟਾਂਡਾ ’ਚ ਸ਼ਿਮਲਾ ਪਹਾਡ਼ੀ ਵਿਖੇ 2.30 ਵਜੇ, ਦਸੂਹਾ ਪਾਂਡਵ ਤਲਾਬ ਵਿਖੇ 2.30 ਵਜੇ, ਮੁਕੇਰੀਆਂ ਰੈਸਟ ਹਾਊਸ ’ਚ 2.30 ਵਜੇ ਅਤੇ ਬਲਾਕ ਤਲਵਾਡ਼ਾ ਤਹਿਸੀਲ ਕੰਪਲੈਕਸ ਵਿਖੇ 2.30 ਵਜੇ ਇਹ ਬਲਾਕ ਪੱਧਰੀ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ।