ਚੈੱਕ ਰਿਪਬਲਿਕ ਦੀ ਅੰਬੈਸਡਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ

Friday, Nov 04, 2022 - 07:08 PM (IST)

ਚੰਡੀਗੜ੍ਹ : ਭਾਰਤ 'ਚ ਚੈੱਕ ਰਿਪਬਲਿਕ ਦੀ ਅੰਬੈਸਡਰ ਡਾ. ਏਲਿਸਕਾ ਜ਼ਿਗੋਵਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇ ਪੰਜਾਬ ਅਤੇ ਚੈੱਕ ਰਿਪਬਲਿਕ ਵਿਚਕਾਰ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਪੰਜਾਬ ਵਿਧਾਨ ਸਭਾ 'ਚ ਹੋਈ ਮੁਲਾਕਾਤ ਦੌਰਾਨ ਸੰਧਵਾਂ ਨੇ ਪੰਜਾਬ ਦੇ ਹਰੇ ਇਨਕਲਾਬ ’ਚ ਚੈਕੋਸਲਵਾਕੀਆ ਵੱਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬ ਅਤੇ ਚੈੱਕ ਰਿਪਬਲਿਕ ਵਿਚਕਾਰ ਖੇਤੀ ਖੇਤਰ 'ਚ ਵਧੇਰੇ ਆਦਾਨ-ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ : ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)

ਚੈੱਕ ਰਿਪਬਲਿਕ 'ਚ ਸਰਦੀਆਂ ਦੀ ਕਣਕ, ਸਰਦੀਆਂ ਦੇ ਜੌਂ, ਬਸੰਤ ਰੁੱਤ ਦੇ ਜੌਂ, ਆਲੂ, ਮੱਕੀ ਅਤੇ ਫ਼ਲਾਂ ਦੀ ਕਾਸ਼ਤ ਵਧੇਰੇ ਹੁੰਦੀ ਹੈ। ਇਹ ਕਾਸ਼ਤ ਪੰਜਾਬ ਨਾਲ ਮਿਲਦੀ-ਜੁਲਦੀ ਹੈ, ਜਿਸ ਕਰਕੇ ਦੋਵੇ ਆਪਸੀ ਗਿਆਨ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਦਾ ਫ਼ਾਇਦਾ ਚੁੱਕ ਸਕਦੇ ਹਨ। ਸੰਧਵਾਂ ਨੇ ਪੰਜਾਬ ਅਤੇ ਚੈੱਕ ਰਿਪਬਲਿਕ ਵਿਚਕਾਰ ਉਦਯੋਗ ਖੇਤਰ 'ਚ ਵੀ ਸਹਿਯੋਗ ’ਤੇ ਵੀ ਜ਼ੋਰ ਦਿੱਤਾ। ਚੈੱਕ ਰਿਪਬਲਿਕ ਦਾ ਕਾਰ ਉਦਯੋਗ, ਹਵਾਬਾਜ਼ੀ, ਇੰਜੀਨੀਅਰਿੰਗ, ਵਾਤਾਵਰਣ ਤਕਨਾਲੋਜੀ, ਮੈਡੀਕਲ ਉਪਕਰਣਾਂ, ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ, ਕੈਮੀਕਲ ਅਤੇ ਫਾਰਮਾਸਿਊਟੀਕਲ ਉਦਯੋਗ 'ਚ ਵਿਸ਼ੇਸ਼ ਸਥਾਨ ਹਾਸਲ ਹੈ। ਸੰਧਵਾਂ ਨੇ ਚੈੱਕ ਰਿਪਬਲਿਕ ਦੀਆਂ ਕੰਪਨੀਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਡਾ. ਜ਼ਿਗੋਵਾ ਨੂੰ ਭੂਮਿਕਾ ਨਿਭਾਉਣ ਲਈ ਆਖਿਆ।

ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ 'ਚ ਔਰਤ ਨੂੰ ਦਾਖ਼ਲ ਕਰਾਉਣ ਆਏ ਜੋੜੇ ਦਾ ਹੈਰਾਨ ਕਰਦਾ ਕਾਰਾ, CCTV 'ਚ ਹੋਇਆ ਕੈਦ

ਇਸ ਦੌਰਾਨ ਸੰਧਵਾਂ ਨੇ ਕਲਾ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ 'ਚ ਦੋਹਾਂ ਦੇਸ਼ਾਂ ਵਿੱਚ ਆਦਾਨ-ਪ੍ਰਦਾਨ ਵਧਾਉਣ ਤੋਂ ਇਲਾਵਾ ਪੰਜਾਬ ਅਤੇ ਚੈੱਕ ਰਿਪਬਲਿਕ ਦੇ ਵਿਧਾਇਕਾਂ ਵੱਲੋਂ ਇੱਕ-ਦੂਜੇ ਦੇ ਦੇਸ਼ਾਂ ਦਾ ਦੌਰਾ ਕਰਨ ਦਾ ਵੀ ਸੁਝਾਅ ਦਿੱਤਾ, ਜਿਸ ’ਤੇ ਡਾ. ਜ਼ਿਗੋਵਾ ਨੇ ਸਹਿਮਤੀ ਜਿਤਾਈ। ਵਿਚਾਰ-ਚਰਚਾ ਦੌਰਾਨ ਡਾ. ਜ਼ਿਗੋਵਾ ਨੇ ਚੈੱਕ ਰਿਪਬਲਿਕ ਅਤੇ ਭਾਰਤ ਵਿਚਕਾਰ ਇਤਿਹਾਸ ਦੇ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਦੋਵਾਂ ਦੇਸ਼ਾਂ ਵੱਲੋਂ ਇੱਕ-ਦੂਜੇ ਨੂੰ ਦਿੱਤੇ ਗਏ ਸਹਿਯੋਗ ਦੀ ਯਾਦ ਤਾਜ਼ਾ ਕੀਤੀ। ਉਨ੍ਹਾਂ ਕਿਹਾ ਕਿ ਚੈੱਕ ਰਿਪਬਲਿਕ ਅਤੇ ਪੰਜਾਬ ਵੱਲੋਂ ਆਪਸੀ ਸਹਿਯੋਗ ਵਧਾਉਣ ਨਾਲ ਦੋਹਾਂ ਨੂੰ ਭਰਪੂਰ ਫ਼ਾਇਦਾ ਹੋਵੇਗਾ ਕਿਉਂਕਿ ਦੋਹਾਂ ਹਾਲਾਤ ਵਿੱਚ ਕਾਫੀ ਸਮਾਨਤਾਵਾਂ ਹਨ। ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਡਾ. ਜ਼ਿਗੋਵਾ ਨੂੰ ਇੱਕ ਸ਼ਾਲ ਅਤੇ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News