ਸਾਈਪ੍ਰਸ ਦਾ ਜਾਅਲੀ ਵੀਜ਼ਾ ਲਵਾਉਣ ਵਾਲੀ ਵੀਨਾ ਨੇ ਕੀਤਾ ਸਰੰਡਰ
Wednesday, Feb 07, 2018 - 06:40 AM (IST)
ਜਲੰਧਰ, (ਪ੍ਰੀਤ)- 8 ਲੱਖ ਰੁਪਏ 'ਚ ਸਾਈਪ੍ਰਸ ਦਾ ਜਾਅਲੀ ਵੀਜ਼ਾ ਜੀਜੇ ਹੱਥ ਫੜਾਉਣ ਵਾਲੀ ਔਰਤ ਨੇ ਅੱਜ ਪੁਲਸ ਦੇ ਵਧਦੇ ਦਬਾਅ ਕਾਰਨ ਅਦਾਲਤ 'ਚ ਸਰੰਡਰ ਕਰ ਦਿੱਤਾ। ਪੁਲਸ ਨੇ ਮੁਲਜ਼ਮ ਵੀਨਾ ਪਤਨੀ ਅਮਰਨਾਥ ਨੂੰ ਗ੍ਰਿਫਤਾਰ ਕਰ ਲਿਆ ਹੈ। ਕੇਸ 'ਚ ਨਾਮਜ਼ਦ ਵੀਨਾ ਦੀ ਬੇਟੀ, ਜਵਾਈ ਤੇ ਗਿਰੋਹ ਦੀ ਕਿੰਗਪਿਨ ਔਰਤ ਰੂਬੀ ਸਾਈਪ੍ਰਸ 'ਚ ਹੈ। ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਅੰਬੈਸੀ ਨੂੰ ਲਿਖਤੀ ਤੌਰ 'ਤੇ ਭੇਜ ਰਹੀ ਹੈ।
ਲਾਂਬੜਾ ਆਬਾਦੀ ਵਾਸੀ ਲੇਖਰਾਜ ਨੇ ਸ਼ਿਕਾਇਤ 'ਚ ਦੱਸਿਆ ਕਿ ਸਤੰਬਰ 2016 'ਚ ਉਸ ਨੇ ਆਪਣੇ ਪੁੱਤਰ ਇੰਦਰਜੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਆਪਣੀ ਸਾਲੀ ਵੀਨਾ ਪਤਨੀ ਅਮਰਨਾਥ, ਉਸ ਦੀ ਬੇਟੀ ਮੋਨਿਕਾ ਤੇ ਉਸ ਦੇ ਪਤੀ ਜਸਪਾਲ ਦੋਵੇਂ ਵਾਸੀ ਮਾਣਕੋ ਆਦਮਪੁਰ ਨਾਲ ਗੱਲ ਕੀਤੀ। ਵੀਨਾ ਨੇ ਕਿਹਾ ਕਿ ਉਸ ਦੀ ਬੇਟੀ ਮੋਨਿਕਾ ਦੀ ਸਹੇਲੀ ਰੂਬੀ ਸਾਈਪ੍ਰਸ 'ਚ ਹੈ ਤੇ ਉਹ ਸਾਰੇ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦੇ ਹਨ, ਉਸ ਦੇ ਪੁੱਤਰ ਨੂੰ ਵੀ ਵਿਦੇਸ਼ ਭੇਜ ਦੇਣਗੇ। ਲੇਖ ਰਾਜ ਨੇ ਦੱਸਿਆ ਕਿ ਵੀਨਾ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਕਹਿਣ 'ਤੇ ਉਸ ਨੇ ਉਨ੍ਹਾਂ ਨਾਲ 8 ਲੱਖ ਰੁਪਏ 'ਚ ਪੁੱਤਰ ਇੰਦਰਜੀਤ ਨੂੰ ਸਾਈਪ੍ਰਸ ਭੇਜਣ ਦੀ ਗੱਲ ਤੈਅ ਕੀਤੀ।
ਮੋਨਿਕਾ ਤੇ ਰੂਬੀ ਦੇ ਕਹਿਣ 'ਤੇ ਉਸ ਨੇ ਪੁੱਤਰ ਦਾ ਪਾਸਪੋਰਟ, ਪੀ. ਸੀ. ਸੀ., ਮੈਡੀਕਲ ਤੇ ਕਿਸ਼ਤਾਂ 'ਚ 8 ਲੱਖ ਰੁਪਏ ਦਿੱਤੇ। ਬਾਅਦ 'ਚ ਉਸ ਨੂੰ ਪਾਸਪੋਰਟ 'ਤੇ ਸਾਈਪ੍ਰਸ ਦਾ ਵੀਜ਼ਾ ਦੇ ਦਿੱਤਾ ਪਰ ਜਦੋਂ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਵੀਜ਼ਾ ਜਾਅਲੀ ਹੈ।
ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਦਸੰਬਰ 2017 'ਚ ਚਾਰਾਂ ਮੁਲਜ਼ਮਾਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ। ਜਾਂਚ 'ਚ ਪਤਾ ਲੱਗਾ ਕਿ ਮੁਲਜ਼ਮ ਰੂਬੀ, ਮੋਨਿਕਾ ਤੇ ਜਸਪਾਲ ਤਿੰਨੇ ਸਾਈਪ੍ਰਸ 'ਚ ਹਨ, ਜਦਕਿ ਵੀਨਾ ਦਾ ਪਤੀ ਅਮਰਨਾਥ ਫਰਾਰ ਹਨ। ਪੁਲਸ ਦੇ ਵਧਦੇ ਦਬਾਅ ਕਾਰਨ ਬੀਤੇ ਦਿਨ ਮੁਲਜ਼ਮ ਵੀਨਾ ਨੇ ਅਦਾਲਤ 'ਚ ਸਰੰਡਰ ਕਰ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਅਦਾਲਤ ਕੋਲੋਂ ਮੁਲਜ਼ਮ ਔਰਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਹੈ।
ਜਰਮਨ ਦੀ ਬਜਾਏ ਭੇਜ ਦਿੱਤਾ ਕੰਬੋਡੀਆ, ਬਣਾ ਲਿਆ ਬੰਧਕ
ਸ਼ਾਤਿਰ ਠੱਗਾਂ ਦੇ ਇਕ ਗਿਰੋਹ ਦਾ ਇਕ ਸ਼ਿਕਾਰ ਸਲੀਮ ਪੁੱਤਰ ਦਲਬੀਰ ਚੰਦ ਵਾਸੀ ਪ੍ਰਤਾਪਪੁਰਾ ਬਣਿਆ। ਸਲੀਮ ਨੇ ਵੀ ਬੀਤੇ ਸਾਲ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਜਰਮਨ ਭੇਜਣ ਦਾ ਝਾਂਸਾ ਦੇ ਕੇ ਅਮਰਨਾਥ, ਵੀਨਾ ਤੇ ਉਸ ਦੇ ਜਵਾਈ ਜਸਵੀਰ ਸਿੰਘ ਨੇ ਸਾਢੇ 3 ਲੱਖ 'ਚ ਸੌਦਾ ਕੀਤਾ। ਬਾਅਦ 'ਚ ਨਵੰਬਰ ਮਹੀਨੇ 'ਚ ਪੈਸੇ ਲੈ ਕੇ ਉਸ ਨੂੰ ਜਰਮਨ ਦੀ ਬਜਾਏ ਕੰਬੋਡੀਆ ਭੇਜ ਦਿੱਤਾ, ਜਿਥੇ ਉਨ੍ਹਾਂ ਨੂੰ ਠੱਗਾਂ ਦਾ ਸਾਥੀ ਜੱਸੀ ਮਿਲਿਆ, ਜੱਸੀ ਨੇ ਉਸ ਨੂੰ ਜ਼ਬਰਦਸਤੀ ਆਪਣੇ ਘਰ ਰੱਖ ਲਿਆ ਤੇ ਲਾਰਾ ਲਾਇਆ ਕਿ ਉਹ ਜਰਮਨ ਭੇਜ ਦੇਵੇਗਾ ਪਰ ਉਸ ਨੂੰ ਘਰ 'ਚ ਹੀ ਬੰਧਕ ਬਣਾ ਕੇ ਕੰਮ ਕਰਵਾਉਂਦੇ ਰਹੇ। ਉਸ ਦੇ ਪਰਿਵਾਰ ਵਾਲਿਆਂ ਨੂੰ ਧਮਕਾਇਆ ਕਿ ਉਹ ਹੋਰ ਪੈਸੇ ਭੇਜਣ ਨਹੀਂ ਤਾਂ ਉਸ ਨੂੰ ਮਾਰ ਦੇਣਗੇ। ਸਲੀਮ ਨੇ ਉਕਤ ਲੋਕਾਂ ਨੂੰ ਤਿੰਨ ਲੱਖ ਰੁਪਏ ਹੋਰ ਦਿੱਤੇ। ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਸਲੀਮ ਨੇ ਭਾਰਤ ਵਾਪਸ ਆ ਕੇ ਆਪਣੀ ਸ਼ਿਕਾਇਤ ਦਿੱਤੀ। ਕੇਸ ਦੀ ਜਾਂਚ ਤੋਂ ਬਾਅਦ ਜਸਵੀਰ, ਵੀਨਾ ਤੇ ਅਮਰਨਾਥ ਖਿਲਾਫ ਕੇਸ ਦਰਜ ਕੀਤਾ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਵੀਨਾ ਦੀ ਇਸ ਕੇਸ 'ਚ ਵੀ ਗ੍ਰਿਫਤਾਰੀ ਦਿਖਾਈ ਗਈ ਹੈ।
ਨਾਂ ਬਦਲ ਕੇ ਕਰਦੀ ਹੈ ਠੱਗੀ ਸ਼ਾਤਿਰ ਰੂਬੀ
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਟ੍ਰੈਵਲ ਏਜੰਟ ਰੂਬੀ ਦੇ ਖਿਲਾਫ ਧੋਖਾਦੇਹੀ ਦੇ ਹੋਰ ਵੀ ਕਈ ਕੇਸ ਦਰਜ ਹਨ ਭਾਵੇਂ ਰੂਬੀ ਵਿਆਹੀ ਹੋਈ ਹੈ ਪਰ ਉਹ ਕਦੀ ਰਾਣੀ ਤੇ ਕਦੀ ਰੂਬੀ ਬਣ ਕੇ ਲੋਕਾਂ ਨੂੰ ਜਾਲ 'ਚ ਫਸਾ ਕੇ ਠੱਗੀ ਮਾਰਦੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਠੱਗੀ ਦੇ ਮਾਮਲਿਆਂ ਦੀ ਕਿੰਗਪਿਨ ਵੀ ਰੂਬੀ ਹੀ ਹੈ। ਹਰੇਕ ਕਲਾਈਂਟ ਨੂੰ ਮਿਲਣ ਲਈ ਉਹ ਆਪਣਾ ਰੂਪ ਬਦਲ ਲੈਂਦੀ ਹੈ। ਕਿਸੇ ਨੂੰ ਕਲਾਈਂਟ ਨੂੰ ਵਿਆਹੁਤਾ ਤੇ ਕਿਸੇ ਨੂੰ ਕੁਆਰੀ ਦੱਸਦੀ ਹੈ। ਰੂਬੀ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੈਸੇ ਵਾਪਸ ਕਰਨ ਦੇ ਬਹਾਨੇ ਘਰ ਬੁਲਾ ਕੇ ਰੂਬੀ ਨੇ ਪਾੜ ਲਏ ਆਪਣੇ ਕੱਪੜੇ
ਥਾਣਾ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਰੂਬੀ ਦੇ ਖਿਲਾਫ ਕਈ ਕੇਸ ਦਰਜ ਹਨ। ਰੂਬੀ ਸ਼ਾਤਿਰ ਟ੍ਰੈਵਲ ਏਜੰਟ ਹੈ। ਲੇਖਰਾਜ ਨੂੰ ਜਦੋਂ ਉਨ੍ਹਾਂ ਸਾਈਪ੍ਰਸ ਦਾ ਨਕਲੀ ਵੀਜ਼ਾ ਦਿੱਤਾ ਤਾਂ ਉਸ ਨੇ ਨਕਲੀ ਵੀਜ਼ੇ ਸਬੰਧੀ ਰੂਬੀ ਨਾਲ ਫੋਨ 'ਤੇ ਗੱਲ ਕਰ ਕੇ ਪੈਸੇ ਵਾਪਸ ਮੰਗੇ। ਰੂਬੀ ਨੇ ਉਸ ਨੂੰ ਪੈਸੇ ਵਾਪਸ ਕਰਨ ਦੇ ਬਹਾਨੇ ਘਰ ਬੁਲਾਇਆ ਤੇ ਕਮਰੇ 'ਚ ਜਾ ਕੇ ਆਪਣੇ ਕੱਪੜੇ ਪਾੜ ਕੇ ਰੌਲਾ ਪਾ ਦਿੱਤਾ। ਲੇਖਰਾਜ 'ਤੇ ਕੱਪੜੇ ਪਾੜਨ ਦੇ ਗੰਭੀਰ ਦੋਸ਼ ਲਾਏ ਪਰ ਬਾਅਦ ਵਿਚ ਰੂਬੀ ਦੇ ਪਰਿਵਾਰ ਵਾਲਿਆਂ ਦੇ ਵਿਚ ਪੈਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।
