ਕੁਆਰਟਰ ''ਚ ਸਿਲੰਡਰ ਫਟਿਆ, ਧਮਾਕੇ ਨਾਲ ਔਰਤ ਦੇ ਚੀਥੜੇ ਉੱਡੇ
Saturday, May 02, 2020 - 06:36 PM (IST)
ਲੁਧਿਆਣਾ/ਕੋਹਾੜਾ (ਰਾਜ, ਸੰਦੀਪ) : ਨੀਚੀ ਮੰਗਲੀ ਸਥਿਤ ਇਕ ਕੁਆਰਟਰ ਵਿਚ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਔਰਤ ਦੇ ਚੀਥੜੇ ਉੱਡ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਆਰਟਰ ਦੀਆਂ ਕੰਧਾਂ ਤੱਕ ਟੁੱਟ ਗਈਆਂ। ਧਮਾਕਾ ਸੁਣ ਕੇ ਹੀ ਆਲੇ-ਦੁਆਲੇ ਦੇ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ। ਕੰਟਰੋਲ ਰੂਮ 'ਤੇ ਸੂਚਨਾ ਪਾ ਕੇ ਮੌਕੇ 'ਤੇ ਥਾਣਾ ਫੋਕਲ ਪੁਆਇੰਟ ਤਹਿਤ ਚੌਕੀ ਈਸ਼ਵਰ ਨਗਰ ਦੀ ਪੁਲਸ ਪੁੱਜੀ। ਸਿਲੰਡਰ ਫਟਣ ਕਾਰਨ ਔਰਤ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ। ਧਮਾਕੇ ਨਾਲ ਔਰਤ ਦੇ ਸਿਰ ਦਾ ਸਿਰਫ ਪਿੰਜਰ ਹੀ ਰਹਿ ਗਿਆ ਸੀ। ਮ੍ਰਿਤਕ ਔਰਤ ਸੋਨੀਆ (30) ਸਾਲ ਹੈ। ਪੁਲਸ ਨੇ ਔਰਤ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ।
ਇਹ ਵੀ ਪੜ੍ਹੋ : ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਟਾਂਡਾ ਦੇ 9 ਸ਼ਰਧਾਲੂਆਂ ਦੀ ਰਿਪੋਰਟ ਆਈ ਪਾਜ਼ੇਟਿਵ
ਈਸ਼ਵਰ ਨਗਰ ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਔਰਤ ਸੋਨੀਆ, ਨੀਚੀ ਮੰਗਲੀ ਸਥਿਤ ਫੇਸ-8 ਦੇ ਇਲਾਕੇ ਵਿਚ ਇਕ ਫੈਕਟਰੀ ਵਿਚ ਲੇਬਰ ਦਾ ਕੰਮ ਕਰਦੀ ਸੀ। ਉਹ ਫੈਕਟਰੀ ਦੇ ਉੱਪਰ ਬਣੇ ਕੁਆਰਟਰ ਵਿਚ ਰਹਿੰਦੀ ਸੀ। ਉਸ ਦੇ ਆਲੇ-ਦੁਆਲੇ ਦੇ ਕੁਆਰਟਰ ਖਾਲੀ ਹਨ। ਔਰਤ ਇਕੱਲੀ ਰਹਿੰਦੀ ਸੀ। ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਔਰਤ ਸਵੇਰ ਸਮੇਂ ਚਾਹ ਬਣਾਉਣ ਲੱਗੀ ਸੀ। ਇਸ ਦੌਰਾਨ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਕਮਰਾ ਛੋਟਾ ਹੋਣ ਕਾਰਨ ਔਰਤ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ ਅਤੇ ਧਮਾਕੇ ਨਾਲ ਔਰਤ ਦੇ ਸਰੀਰ ਦੇ ਚੀਥੜੇ ਤੱਕ ਉੱਡ ਗਏ। ਔਰਤ ਦੇ ਸਰੀਰ ਦਾ ਸਾਰਾ ਮਾਸ ਸੜ ਗਿਆ ਅਤੇ ਸਿਰ ਦਾ ਸਿਰਫ ਪਿੰਜਰ ਹੀ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਔਰਤ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਔਰਤ ਦੇ ਕਿਸੇ ਪਰਿਵਾਰਕ ਮੈਂਬਰ ਦਾ ਪਤਾ ਨਹੀਂ ਲੱਗ ਸਕਿਆ ਹੈ। ਉਸ ਦੇ ਪਰਿਵਾਰ ਦਾ ਪਤਾ ਲਗਾ ਕੇ ਉਨ੍ਹਾਂ ਨੇ ਸੰਪਰਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਆਉਣ ਤੱਕ 72 ਘੰਟਿਆਂ ਲਈ ਲਾਸ਼ ਰੱਖਵਾ ਦਿੱਤੀ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਫਿਲੌਰ ਤੋਂ ਨਾਕਾ ਤੋੜ ਕੇ ਭੱਜੇ 3 ਸ਼ੱਕੀ, ਪੁਲਸ ਨੂੰ ਪਈਆਂ ਭਾਜੜਾਂ