ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ
Wednesday, Dec 27, 2017 - 08:20 AM (IST)

ਫ਼ਰੀਦਕੋਟ (ਹਾਲੀ) - ਜੋਤ ਰਾਮ ਬਸਤੀ ਵਿਖੇ ਇਕ ਘਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜੋਤ ਰਾਮ ਬਸਤੀ ਦੀ ਗਲੀ ਨੰ. 3 (ਮੰਦਰ ਵਾਲੀ ਗਲੀ) 'ਚ ਰਹਿੰਦੇ ਮੁਹੰਮਦ ਜਾਵੇਦ ਸ਼ੇਖ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਿਲੰਡਰ ਬਦਲ ਕੇ ਗੈਸ ਚੁੱਲ੍ਹਾ ਬਾਲਿਆ ਤਾਂ ਸਿਲੰਡਰ ਲੀਕ ਹੋਣ ਕਾਰਨ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਦੇ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ।ਇਸ ਮੌਕੇ ਫਾਇਰ ਬ੍ਰਿਗੇਡ ਦੇ ਆਉਣ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਪਰਿਵਾਰ 'ਚ ਪਤੀ-ਪਤਨੀ ਤੋਂ ਇਲਾਵਾ 3 ਛੋਟੇ-ਛੋਟੇ ਬੱਚੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।