ਪੰਜਾਬ 'ਚ Cyclone Biparjoy ਦਾ ਅਸਰ! ਆਉਣ ਵਾਲੇ 4 ਦਿਨਾਂ ਲਈ ਜਾਰੀ ਕੀਤਾ ਗਿਆ ਅਲਰਟ

Friday, Jun 16, 2023 - 11:32 AM (IST)

ਪੰਜਾਬ 'ਚ Cyclone Biparjoy ਦਾ ਅਸਰ! ਆਉਣ ਵਾਲੇ 4 ਦਿਨਾਂ ਲਈ ਜਾਰੀ ਕੀਤਾ ਗਿਆ ਅਲਰਟ

ਲੁਧਿਆਣਾ : ਅਰਬ ਸਾਗਰ ਤੋਂ ਉੱਠ ਰਿਹਾ ਬੇਹੱਦ ਖ਼ਤਰਨਾਕ ਚੱਕਰਵਾਤੀ ਤੂਫ਼ਾਨ ਬਿਪਰਜੋਏ ਵੀਰਵਾਰ ਸ਼ਾਮ ਨੂੰ ਗੁਜਰਾਤ ਤੱਟ ਨਾਲ ਟਕਰਾ ਗਿਆ। ਇਸ ਦੌਰਾਨ 2 ਲੋਕਾਂ ਦੀ ਮੌਤ ਦੇ ਨਾਲ-ਨਾਲ 22 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਮੁੰਦਰ ਤੱਟਾਂ ਨਾਲ ਟਕਰਾਉਣ ਮਗਰੋਂ ਅਗਲੇ 4-5 ਦਿਨਾਂ ਤੱਕ ਇਸ ਚੱਕਰਵਾਤ ਦੀ ਹਵਾ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਅੱਗੇ ਵਧੇਗੀ। ਪੰਜਾਬ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ : ਹੁਣ ਗਟਰ 'ਚ ਲੁਕੋਏ ਮਿਲੇ 50 ਲੱਖ ਰੁਪਏ (ਵੀਡੀਓ)

ਇਸ ਦੌਰਾਨ ਸੂਬੇ 'ਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ 19 ਜੂਨ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਵੀ ਸੰਭਾਵਨਾ ਹੈ। ਸਿਰਫ ਦੁਆਬਾ ਖੇਤਰ ’ਚ 17 ਜੂਨ ਨੂੰ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ। 

ਇਹ ਵੀ ਪੜ੍ਹੋ : ਤੂਫ਼ਾਨ ਤੋਂ ਬਚਣ ਲਈ ਜਿਸ ਦਾ ਆਸਰਾ ਲਿਆ, ਉਹੀ ਬਣਿਆ ਕਾਲ, 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ (ਵੀਡੀਓ)
ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਬੀਤੇ ਦਿਨ ਪੰਜਾਬ ਭਰ ’ਚ ਪਏ ਮੀਂਹ ਨੇ ਗਰਮੀ ਨੂੰ ਠੱਲ੍ਹ ਪਾਈ ਹੈ। ਵੀਰਵਾਰ ਨੂੰ ਕਦੇ ਧੁੱਪ ਤੇ ਕਦੇ ਬੱਦਲਵਾਈ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਅਚਾਨਕ ਬਦਲੇ ਇਸ ਮੌਸਮ ਨੇ ਤਾਪਮਾਨ ’ਚ ਭਾਰੀ ਗਿਰਾਵਟ ਲਿਆਂਦੀ ਹੈ। ਮੌਸਮ ਵਿਭਾਗ ਮੁਤਾਬਕ ਬੀਤੇ ਦਿਨ ਤਾਪਮਾਨ ’ਚ 6.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਔਸਤਨ ਤਾਪਮਾਨ ਨਾਲੋਂ ਵੀ 4.7 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ’ਚ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆ ਦਾ ਤਾਪਮਾਨ 30 ਤੋਂ 35 ਡਿਗਰੀ ਵਿਚਾਲੇ ਹੀ ਰਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News