ਸਾਈਬਰ ਠੱਗਾਂ ਨੇ ਡਾਕਟਰ ਬੇਟੇ ਦਾ ਅੱਤਵਾਦੀ ਕਨੈਕਸ਼ਨ ਦੱਸ ਕੇ ਠੱਗੇ 1.18 ਕਰੋੜ, ਪਿਓ ਨੂੰ ਸੁਣਾਈ ਰੋਂਦੇ ਬੇਟੇ ਦੀ ਆਵਾਜ਼

Monday, Aug 26, 2024 - 07:01 AM (IST)

ਸਾਈਬਰ ਠੱਗਾਂ ਨੇ ਡਾਕਟਰ ਬੇਟੇ ਦਾ ਅੱਤਵਾਦੀ ਕਨੈਕਸ਼ਨ ਦੱਸ ਕੇ ਠੱਗੇ 1.18 ਕਰੋੜ, ਪਿਓ ਨੂੰ ਸੁਣਾਈ ਰੋਂਦੇ ਬੇਟੇ ਦੀ ਆਵਾਜ਼

ਚੰਡੀਗੜ੍ਹ (ਪ੍ਰੀਕਸ਼ਿਤ) : ਸਾਈਬਰ ਠੱਗਾਂ ਨੇ ਪੁਲਸ ਅਧਿਕਾਰੀ ਬਣ ਕੇ ਡਾਕਟਰ ਦੇ ਅੱਤਵਾਦੀ ਨਾਲ ਫੜੇ ਜਾਣ ਦਾ ਡਰ ਦਿਖਾ ਕੇ ਬਜ਼ੁਰਗ ਪਿਤਾ ਤੋਂ ਕਰੀਬ 1.18 ਕਰੋੜ ਰੁਪਏ ਦੀ ਠੱਗੀ ਮਾਰ ਲਈ। ਠੱਗਾਂ ਨੇ ਪੀੜਤ ਨੂੰ ਦੱਸਿਆ ਕਿ ਉਸ ਦਾ ਬੇਟਾ ਅੱਤਵਾਦੀ ਨਾਲ ਫੜਿਆ ਗਿਆ ਹੈ ਜਿਨ੍ਹਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਮੁਲਜ਼ਮਾਂ ਨੇ ਬਜ਼ੁਰਗ ਨੂੰ ਧੋਖਾ ਦੇਣ ਲਈ ਪਹਿਲਾਂ ਤਾਂ ਵਾਇਸ ਕਾਲ ਰਾਹੀਂ ਉਸ ਦੇ ਬੇਟੇ ਨਾਲ ਗੱਲ ਕਰਵਾਈ। ਇਸ ਤੋਂ ਬਾਅਦ ਉਸ ਨੇ ਸਕਾਈਪ ’ਤੇ ਵੀਡੀਓ ਕਾਲ ਕਰ ਕੇ ਉਨ੍ਹਾਂ ਨੂੰ ਬੈਕਗਰਾਊਂਡ ’ਚ ਥਾਣੇ ਦਾ ਪੂਰਾ ਸੈਟਅਪ ਦਿਖਾਉਂਦੇ ਹੋਏ ਬੇਟੇ ਕੋਲੋਂ ਬਰਾਮਦ ਹੋਏ ਹਥਿਆਰ ਵੀ ਦਿਖਾਏ।

ਇਸ ਦੌਰਾਨ ਠੱਗਾਂ ਨੇ ਜਾਂਚ ਪੂਰੀ ਹੋਣ ਤੱਕ ਵੀਡੀਓ ਕਾਲ ਨਾ ਕੱਟਣ ਲਈ ਕਿਹਾ। ਬਾਅਦ ’ਚ ਪੁਲਸ ਅਧਿਕਾਰੀ ਬਣ ਕੇ ਗੱਲ ਕਰ ਰਹੇ ਧੋਖੇਬਾਜ਼ਾਂ ਨੇ ਬੇਟੇ ਦੇ ਬੇਕਸੂਰ ਹੋਣ ਦੀ ਗੱਲ ਕਹਿੰਦੇ ਹੋਏ ਉਸ ਨੂੰ ਛੱਡਣ ਦੇ ਨਾਂ ’ਤੇ ਵੱਖ-ਵੱਖ ਖਾਤਿਆਂ ’ਚ ਮੁਚਲਕਾ (ਗੌਰਮਿੰਟ ਫੀਸ) ਦੇ ਨਾਂ ’ਤੇ ਲਗਭਗ 1 ਕਰੋੜ 18 ਲੱਖ ਰੁਪਏ ਜਮ੍ਹਾਂ ਕਰਵਾ ਲਏ। ਇਸ ਮਾਮਲੇ ’ਚ ਸਾਈਬਰ ਥਾਣਾ ਪੁਲਸ ਨੇ ਸ਼ਿਕਾਇਤ ’ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਅਣਪਛਾਤੇ ਧੋਖੇਬਾਜ਼ਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਮੁੰਬਈ ਦੀ ਖ਼ੂਬਸੂਰਤ ਕੁੜੀ ਨੂੰ ਪਾਕਿਸਤਾਨੀ ਰਈਸ ਨਾਲ ਹੋਇਆ ਪਿਆਰ, ਸੁਰਖੀਆਂ 'ਚ ਆਇਆ ਵਿਆਹ

ਜਾਣਕਾਰੀ ਅਨੁਸਾਰ ਸੈਕਟਰ 36ਬੀ ਦੇ ਵਸਨੀਕ 75 ਸਾਲਾ ਬਜ਼ੁਰਗ ਜਗਮੋਹਨ ਸਿੰਘ ਨੰਦਾ ਨੇ ਸਾਈਬਰ ਥਾਣਾ ਪੁਲਸ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਉਪਰੋਕਤ ਪਤੇ ’ਤੇ ਆਪਣੀ ਪਤਨੀ ਨਾਲ ਰਹਿੰਦਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਲੜਕਾ ਡਾਕਟਰ ਹੈ, ਜੋ ਕਿ ਹੈਦਰਾਬਾਦ ’ਚ ਸੈਮੀਨਾਰ ’ਚ ਜਾਣ ਦੀ ਗੱਲ ਕਹਿ ਕੇ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਹ 13 ਜੂਨ ਨੂੰ ਫਿਜ਼ੀਓਥੈਰੇਪੀ ਕਰਵਾ ਰਿਹਾ ਸੀ। ਇਸੇ ਦੌਰਾਨ ਮੋਬਾਈਲ ’ਤੇ ਕਿਸੇ ਅਣਜਾਣ ਨੰਬਰ ਤੋਂ ਵ੍ਹਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਹੈਦਰਾਬਾਦ ਪੁਲਸ ਦਾ ਅਧਿਕਾਰੀ ਬੋਲ ਰਿਹਾ ਹੈ। ਉਸ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸ ਦੇ ਬੇਟੇ ਨੂੰ ਪੁਲਸ ਨੇ ਚੈਕਿੰਗ ਦੌਰਾਨ ਇਕ ਅੱਤਵਾਦੀ ਨਾਲ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਕਈ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਇਸ ਲਈ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਧੋਖੇਬਾਜ਼ਾਂ ਨੇ ਸ਼ਿਕਾਇਤਕਰਤਾ ਨੂੰ ਸਕਾਈਪ ’ਤੇ ਵੀਡੀਓ ਕਾਲ ਕਰ ਕੇ ਬਰਾਮਦ ਕੀਤੇ ਹਥਿਆਰ ਵੀ ਦਿਖਾਏ, ਜਿਸ ਨੂੰ ਦੇਖ ਕੇ ਉਹ ਘਬਰਾ ਗਿਆ।

ਇਸ ਤੋਂ ਬਾਅਦ ਆਪਣੇ ਆਪ ਨੂੰ ਐੱਸ.ਐੱਸ.ਪੀ. ਪ੍ਰਮੋਦ ਰੇਅ ਦੱਸਣ ਵਾਲੇ ਮੁਲਜ਼ਮ ਨੇ ਉਸ ਨੂੰ ਕਿਹਾ ਕਿ ਹੁਣ ਤੱਕ ਦੀ ਜਾਂਚ ’ਚ ਸਾਨੂੰ ਪਤਾ ਲੱਗਾ ਹੈ ਕਿ ਤੁਹਾਡਾ ਬੇਟਾ ਬੇਕਸੂਰ ਹੈ, ਪਰ ਉਸ ਨੂੰ ਛੁਡਵਾਉਣ ਲਈ 6 ਲੱਖ ਰੁਪਏ ਬਤੌਰ ਮੁਚਲਕਾ (ਗੌਰਮਿੰਟ ਫੀਸ) ਜਮ੍ਹਾਂ ਕਰਵਾਉਣੀ ਪਵੇਗੀ। ਇਸ ਤੋਂ ਬਾਅਦ 14 ਜੂਨ ਨੂੰ ਇੰਸਪੈਕਟਰ ਨੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਮੁਚਲਕੇ ਦੀ ਫੀਸ ਵਧਾਉਣ ਲਈ ਕਿਹਾ। ਮੁਲਜ਼ਮਾਂ ਦੇ ਜਾਲ ’ਚ ਫਸ ਕੇ ਪੀੜਤ ਨੇ ਉਨ੍ਹਾਂ ਵੱਲੋਂ ਦੱਸੇ ਗਏ ਵੱਖ-ਵੱਖ ਬੈਂਕ ਖਾਤਿਆਂ ’ਚ 1 ਕਰੋੜ 12 ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ। ਇਸ ਤਰ੍ਹਾਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ 1 ਕਰੋੜ 18 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜਤ ਨੂੰ ਆਪਣੇ ਨਾਲ ਧੋਖਾਧੜੀ ਬਾਰੇ ਉਦੋਂ ਪਤਾ ਲੱਗਾ ਜਦੋਂ ਹੈਦਰਾਬਾਦ ਤੋਂ ਵਾਪਸ ਆਏ ਬੇਟੇ ਤੋਂ ਘਟਨਾ ਬਾਰੇ ਪੁੱਛਿਆ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਕਾਲ ’ਤੇ ਦਿਖਾਏ ਬਰਾਮਦ ਹਥਿਆਰ, ਬੇਟੇ ਨੂੰ ਰੋਂਦੇ ਸੁਣ ਕੇ ਬਿਲਖ ਪਿਆ ਪਿਓ
ਪੁਲਸ ਸੂਤਰਾਂ ਅਨੁਸਾਰ ਸ਼ਾਤਿਰ ਧੋਖੇਬਾਜ਼ਾਂ ਨੇ ਪੀੜਤ ਨੂੰ ਆਪਣੇ ਝਾਂਸੇ ’ਚ ਲੈਣ ਲਈ ਪਹਿਲਾਂ ਵਾਇਸ ਕਾਲ ’ਤੇ ਬੇਟੇ ਨਾਲ ਗੱਲ ਕਰਵਾਈ। ਗੱਲਬਾਤ ਦੌਰਾਨ ਜਦੋਂ ਸ਼ਿਕਾਇਤਕਰਤਾ ਪਿਤਾ ਨੇ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਹ ਹੌਲੀ ਆਵਾਜ਼ ’ਚ ਰੋਂਦੇ ਹੋਏ ਉਸ ਨੂੰ ਬਚਾਉਣ ਲਈ ਅਪੀਲ ਕਰਨ ਲੱਗਾ, ਜਿਸ ਨੂੰ ਸੁਣ ਕੇ ਉਹ ਘਬਰਾ ਕੇ ਬਿਲਖ ਪਿਆ। ਇਸ ਤੋਂ ਬਾਅਦ ਠੱਗਾਂ ਨੇ ਸਕਾਈਪ ’ਤੇ ਵੀਡੀਓ ਕਾਲ ਰਾਹੀਂ ਉਸ ਨਾਲ ਗੱਲ ਕੀਤੀ। ਵੀਡੀਓ ਕਾਲ ’ਚ ਪੁਲਸ ਅਧਿਕਾਰੀ ਦੀ ਵਰਦੀ ’ਚ ਇਕ ਵਿਅਕਤੀ ਸਮੇਤ ਹੋਰ ਪੁਲਸ ਕਰਮਚਾਰੀ ਨਜ਼ਰ ਆ ਰਹੇ ਸਨ। ਇਸ ਦੌਰਾਨ ਠੱਗਾਂ ਨੇ ਪੀੜਤ ਨੂੰ ਆਪਣੀਆਂ ਗੱਲਾਂ ’ਤੇ ਯਕੀਨ ਦਿਵਾਉਣ ਲਈ ਕੁਝ ਨਾਜਾਇਜ਼ ਹਥਿਆਰ ਵੀ ਦਿਖਾਏ, ਜੋ ਬੇਟੇ ਕੋਲੋਂ ਬਰਾਮਦ ਹੋਣ ਦੇ ਦੋਸ਼ ਲਾਏ ਜਾ ਰਹੇ ਸਨ। ਇਹ ਸਭ ਦੇਖ ਕੇ ਪੀੜਤ ਮੁਲਜ਼ਮਾਂ ਦੇ ਝਾਂਸੇ ’ਚ ਆ ਗਿਆ, ਜਿਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮਾਂ ਨੇ ਧੋਖਾਧੜੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News