ਕਸਟਮ ਵਿਭਾਗ ਵੱਲੋਂ ਸਕ੍ਰੈਪ ਦੀ ਆੜ ''ਚ ਕੈਨੇਡਾ ਤੋਂ ਆਏ ਪਾਬੰਦੀਸ਼ੁਦਾ 42 ਟੈਲੀਕਮਿਊਨੀਕੇਸ਼ਨ ਐਂਟੀਨਾ ਜ਼ਬਤ

Saturday, Jul 10, 2021 - 09:20 AM (IST)

ਲੁਧਿਆਣਾ (ਜ.ਬ.) : ਸਾਹਨੇਵਾਲ ਦੇ ਰਾਮਗੜ੍ਹ ਸਥਿਤ ਕਸਟਮ ਕਮਸ਼ਿਨਰੇਟ ਵਿਭਾਗ (ਸੀ. ਬੀ. ਆਈ. ਸੀ.) ਨੇ ਕੰਟੇਨਰ ਫ੍ਰੇਟ ਸਟੇਸ਼ਨ ਸੀ. ਐੱਫ. ਐੱਸ. ਸ਼ਿਪਿੰਗ ਡਾਕ ਓਵਰਸੀਜ਼ ਵੇਅਰ ਹਾਊਸਿੰਗ ਡ੍ਰਾਈ ਪੋਰਟ ’ਤੇ ਇਕ 40 ਫੁੱਟੇ ਕੰਟੇਨਰ ਨੂੰ ਗਲਤ ਡੈਕਲੇਰੇਸ਼ਨ ਕਾਰਨ ਜ਼ਬਤ ਕਰ ਲਿਆ। ਵਿਭਾਗ ਦੇ ਜੁਆਇੰਟ ਕਮਿਸ਼ਨਰ ਨੀਰਜ ਸੋਈ ਅਤੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਰਾਏ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲ ਦੀ ਘੜੀ ਕੇਸਾਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਵਿਭਾਗੀ ਸੂਤਰਾਂ ਮੁਤਾਬਕ ਵਿਭਾਗ ਦੀ ਟੀਮ ਨੇ ਕੈਨੇਡਾ ਤੋਂ ਆਏ 42 ਨਵੇਂ ਅਤੇ 15 ਪੁਰਾਣੇ ਪਾਬੰਦੀਸ਼ੁਦਾ ਟੈਲੀਕਮਿਊਨੀਕੇਸ਼ਨ ਐਂਟੀਨਾ ਜ਼ਬਤ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮੋਬਾਇਲ ਨੈੱਟਵਰਕ ਲਈ ਵਰਤੇ ਜਾਣ ਵਾਲੇ ਐਂਟੀਨਾ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ ਪਰ ਸਕ੍ਰੈਪ ਦੀ ਆੜ ’ਚ ਪੁੱਜੇ ਇਹ ਐਂਟੀਨਾ ਯੰਤਰਾਂ ਨੇ ਇਕ ਵਾਰ ਫਿਰ ਅਧਿਕਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਸਟਮ ਵਿਭਾਗ ਵੱਲੋਂ ਫਿਰ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਹ ਯੰਤਰ ਮੰਗਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੀਕੈਂਡ ਤੇ ਨਾਈਟ 'ਕਰਫ਼ਿਊ' ਖ਼ਤਮ, ਜਾਣੋ ਕੀ ਨੇ ਨਵੇਂ ਦਿਸ਼ਾ-ਨਿਰਦੇਸ਼
ਸਕ੍ਰੈਪ ਦੇ ਪਿੱਛੇ ਲੁਕੋ ਕੇ ਰੱਖੇ ਸਨ ਐਂਟੀਨਾ ਯੰਤਰ
ਜਾਣਕਾਰੀ ਮੁਤਾਬਕ ਮੰਡੀ ਗੋਬਿੰਦਗੜ੍ਹ ਦੀ ਇਕ ਕੰਪਨੀ ਨੇ ਕੈਨੇਡਾ ਤੋਂ ਸਕ੍ਰੈਪ ਦਾ ਕੰਟੇਨਰ ਮੰਗਵਾਇਆ ਸੀ। ਵਿਭਾਗ ਨੂੰ ਇਸ ਕੰਟੇਨਰ ’ਤੇ ਸ਼ੱਕ ਹੋਇਆ ਸੀ, ਜਿਸ ’ਤੇ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ। ਜੁਆਇੰਟ ਕਮਿਸ਼ਨਰ ਨੀਰਜ ਸੋਈ ਅਤੇ ਡੀ. ਸੀ. ਪਰਮਜੀਤ ਸਿੰਘ ਰਾਏ ਦੀ ਟੀਮ ਨੇ ਮਾਹਿਰਾਂ ਦੀ ਹਾਜ਼ਰੀ ਵਿਚ ਇਸ ਕੰਟੇਨਰ ਦੀ ਜਾਂਚ ਸ਼ੁਰੂ ਕਰਵਾਈ ਤਾਂ ਕੰਟੇਨਰ ’ਚ ਸਕ੍ਰੈਪ ਦੇ ਪਿੱਛੇ ਚਾਈਨਾ ਕੰਪਨੀ ਦੇ ਪਾਬੰਦੀਸ਼ੁਦਾ ਐਂਟੀਨਾ ਯੰਤਰ ਨਿਕਲਣੇ ਸ਼ੁਰੂ ਹੋਏ, ਜਿਸ ਵਿਚ ਕੁਝ ਐਂਟੀਨਾ ਯੰਤਰ ਨਵੇਂ ਅਤੇ ਕੁਝ ਪੁਰਾਣੇ ਸਨ, ਜਿਸ ’ਤੇ ਉਨ੍ਹਾਂ ਨੇ ਕੰਟੇਨਰ ਜ਼ਬਤ ਕਰ ਲਿਆ, ਜਦੋਂਕਿ ਕੰਟੇਨਰ ਮੰਗਵਾਉਣ ਵਾਲੀ ਕੰਪਨੀ ਨੇ ਇਸ ਨੂੰ ਮਿਕਸ ਸਕ੍ਰੈਪ ਹੀ ਐਲਾਨਿਆ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਉਪ ਮੁੱਖ ਮੰਤਰੀ ਦੀ ਸੰਭਾਵਨਾ ਘੱਟ, ਹਾਈਕਮਾਨ ਦੇ ਪੱਧਰ ’ਤੇ ਨਹੀਂ ਬਣ ਸਕੀ ਸਹਿਮਤੀ

31 ਮਾਰਚ ਨੂੰ ਮੰਡੀ ਗੋਬਿੰਦਗੜ੍ਹ ਦੀ ਇਕ ਪਾਰਟੀ ਵੱਲੋਂ ਕੈਨੇਡਾ ਤੋਂ ਸਕ੍ਰੈਪ ਮੰਗਵਾਇਆ ਗਿਆ ਸੀ, ਜਿਸ ਦੀ ਡੈਕਲੇਰੇਸ਼ਨ ਵਿਚ ਮਿਕਸ ਸਕ੍ਰੈਪ ਐਲਾਨਿਆ ਗਿਆ ਸੀ। ਕੰਟੇਨਰ ਨੂੰ ਸੀ. ਐੱਚ. ਆਈ. ਆਰ. ਐੱਸ. ਸ਼ਿਪਿੰਗ ਵੱਲੋਂ ਕਲੀਅਰ ਕਰਵਾਇਆ ਜਾ ਰਿਹਾ ਸੀ। ਕਸਟਮ ਸ਼ੈੱਡ ਅਫ਼ਸਰ ਅਤੇ ਚਾਰਟਰਡ ਇੰਜੀਨੀਅਰ ਦੀ ਨਿਗਰਾਨੀ ’ਚ ਕੀਤੀ ਗਈ ਜਾਂਚ ’ਚ ਓਪਨੀਕਲ ਫਾਈਬਰ ਤੋਂ ਇਲਾਵਾ ਕਈ ਨਵੇਂ ਤੇ ਪੁਰਾਣੇ ਐਂਟੀਨਾ ਨਿਕਲੇ ਸਨ। ਅਗਲੀ ਜਾਂਚ ਲਈ ਜ਼ਬਤ ਕਰ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਹੁਣ ਸਾਰੀ ਉਮਰ ਰਹੇਗੀ 'PSTET' ਸਰਟੀਫਿਕੇਟ ਦੀ ਮਿਆਦ, ਅੱਜ ਤੋਂ ਜਾਰੀ ਹੋਏ ਹੁਕਮ
ਕਿਤੇ ਇਹ ਅੱਤਵਾਦੀ ਗਤੀਵਿਧੀਆਂ ਵਿਚ ਤਾਂ ਨਹੀਂ ਵਰਤੇ ਜਾਣੇ ਸਨ
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਚੀਜ਼ਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿਚ ਕੁਝ ਯੰਤਰਾਂ ਨੂੰ ਸਕੋਮੈਟ ਦੀ ਲਿਸਟ ਵਿਚ ਰੱਖਿਆ ਗਿਆ ਹੈ, ਜਿਸ 'ਚ ਨਿਊਕਲੀਅਰ, ਰੱਖਿਆ ਯੰਤਰ, ਐਂਟੀਨਾ ਯੰਤਰ, ਵਾਇਰਲੈੱਸ ਯੰਤਰ ਤੋਂ ਇਲਾਵਾ ਅਜਿਹੇ ਯੰਤਰ ਸ਼ਾਮਲ ਹਨ, ਜੋ ਕੋਈ ਵੀ ਨਿੱਜੀ ਤੌਰ ’ਤੇ ਐਕਸਪੋਰਟ ਨਹੀਂ ਕਰ ਸਕਦਾ। ਮੰਨਿਆ ਇਹ ਜਾ ਰਿਹਾ ਹੈ ਕਿ ਵਿਦੇਸ਼ੀ ਕੰਪਨੀ ਦੇ ਇਹ ਐਂਟੀਨਾ ਵੀ ਉਸੇ ਸ਼੍ਰੇਣੀ ਵਿਚ ਆਉਂਦੇ ਹਨ। ਇਨ੍ਹਾਂ ਐਂਟੀਨਾ ਦੀ ਵਰਤੋਂ ਮੋਬਾਇਲ ਰੇਂਜ ਜਾਂ ਕਮਿਉੂਨੀਕੇਸ਼ਨ ਲਈ ਕੀਤੀ ਜਾਂਦੀ ਹੈ। ਆਖ਼ਰ ਵਾਰ-ਵਾਰ ਇਸ ਤਰ੍ਹਾਂ ਦੇ ਯੰਤਰ ਮੰਗਵਾਏ ਜਾਣ ਨਾਲ ਸ਼ੱਕ ਪੈਦਾ ਹੋ ਰਿਹਾ ਹੈ ਕਿ ਕਿਤੇ ਇਹ ਅੱਤਵਾਦੀ ਗਤੀਵਿਧੀਆਂ ਵਿਚ ਤਾਂ ਨਹੀਂ ਵਰਤੇ ਜਾਣੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News