ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
Tuesday, Jul 10, 2018 - 05:44 AM (IST)
ਰਾਜਪੁਰਾ, (ਨਿਰਦੋਸ਼, ਚਾਵਲਾ, ਮਸਤਾਨਾ)- ਸਿਟੀ ਪੁਲਸ ਨੇ ਇਕ ਵਿਅਕਤੀ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ’ਤੇ ਮ੍ਰਿਤਕ ਦੇ ਦੋਸਤ ਖਿਲਾਫ ਧਾਰਾ 304-ਏ ਤਹਿਤ ਮਾਮਲਾ ਦਰਜ ਕੀਤਾ ਹੈ। ਪਿੰਡ ਨੀਲਪੁਰਾ ਵਾਸੀ ਗੁਰਜੀਤ ਸਿੰਘ ਨੇ ਹਸਪਤਾਲ ’ਚ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੇ ਦੋਸਤ ਭਗਵੰਤ ਸਿੰਘ ਵਾਸੀ ਪਿੰਡ ਗੋਪਾਲਪੁਰ ਨੇ 4 ਜੁਲਾਈ ਨੂੰ ਕਿਹਾ ਕਿ ਮੇਰੀ ਪੀਰ ਕਾਲੋਨੀ ਪੈਂਦੀ ਕੋਠੀ ’ਚ ਬਿਜਲੀ ਦਾ ਮੀਟਰ ਨਹੀਂ ਲੱਗਾ। ਮੈਂ ਆਪਣੀ ਪਾਣੀ ਦੀ ਟੈਂਕੀ ਭਰਨੀ ਹੈ। ਇਸ ਲਈ ਖੰਭੇ ਤੋਂ ਬਿਜਲੀ ਲੈਣ ਲਈ ਕੁੰਡੀ ਲਾ ਦੇਵੋ। ਮੈਂ ਉਸ ਦੇ ਕਹਿਣ ’ਤੇ ਖੰਭੇ ਤੋਂ ਬਿਜਲੀ ਦੀ ਤਾਰ ਨਾਲ ਕੁੰਡੀ ਲਾਉਣ ਲੱਗਾ। ਇਸ ਦੌਰਾਨ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ। ਜ਼ਖ਼ਮੀ ਹਾਲਤ ’ਚ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਮੈਨੂੰ ਚੰਡੀਗਡ਼੍ਹ ਦੇ 32 ਸੈਕਟਰ ਹਸਪਤਾਲ ’ਚ ਰੈਫਰ ਕਰ ਦਿੱਤਾ। ਪੁਲਸ ਨੇ ਗੁਰਜੀਤ ਸਿੰਘ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਬਾਅਦ ’ਚ ਗੁਰਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਹੁਣ ਪੁਲਸ ਨੇ ਮ੍ਰਿਤਕ ਦੇ ਦੋਸਤ ਭਗਵੰਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
