ਝੋਨਾ ਲਾ ਰਹੇ ਮਾਂ-ਪੁੱਤ ਦੀ ਕਰੰਟ ਲੱਗਣ ਨਾਲ ਮੌਤ
Wednesday, Jul 04, 2018 - 03:56 AM (IST)

ਰਮਦਾਸ, (ਡੇਜ਼ੀ)- ਤਹਿਸੀਲ ਅਜਨਾਲਾ ਦੇ ਪਿੰਡ ਬੱਲਡ਼ਵਾਲ (ਛੰਨਾ) ਦੇ ਖੇਤ ਮਜ਼ਦੂਰ ਜਸਬੀਰ ਸਿੰਘ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹ ਆਪਣੇ ਪਰਿਵਾਰ ਅਤੇ ਖੇਤ ਮਜ਼ਦੂਰ ਸਾਥੀਅਾਂ ਨਾਲ ਪਿੰਡ ਗੱਗਡ਼ ਵਿਖੇ ਝੋਨੇ ਦੀ ਲਵਾਈ ਦਾ ਕੰਮ ਕਰ ਰਿਹਾ ਸੀ ਤਾਂ ਬਿਜਲੀ ਦੇ ਖੰਭੇ ’ਚ ਕਰੰਟ ਆਉਣ ਨਾਲ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ (5) ਤੇ ਪਤਨੀ ਸੁਰਜੀਤ ਕੌਰ (38) ਦੀ ਮੌਤ ਹੋ ਗਈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਆਪਣੇ ਪਰਿਵਾਰ ਤੇ ਹੋਰ ਮਜ਼ਦੂਰਾਂ ਨਾਲ ਪਿੰਡ ਗੱਗਡ਼ ਦੇ ਨੰਬਰਦਾਰ ਸਤਨਾਮ ਸਿੰਘ ਦੇ ਖੇਤਾ ’ਚ ਝੋਨਾ ਲਾ ਰਿਹਾ ਸੀ ਕਿ 2 ਵਜੇ ਦੇ ਕਰੀਬ ਬੀ. ਓ. ਪੀ. ਲਾਈਨ ਸਿੰਘੋਕੇ ਨੂੰ 24 ਘੰਟੇ ਬਿਜਲੀ ਸਪਲਾਈ ਕਰਦੀ ਲਾਈਨ ਤੋਂ ਅਚਾਨਕ ਸ਼ਾਰਟ ਸਰਕਟ ਕਾਰਨ ਇਸ ਦੀ ਇਕ ਤਾਰ ਟੁੱਟ ਕੇ ਖੇਤਾਂ ਵਿਚ ਲੱਗੇ ਖੰਭੇ ਦੇ ਐਂਗਲ ਨਾਲ ਜੁਡ਼ ਗਈ। ਤਾਰ ’ਚੋਂ ਅੱਗ ਨਿਕਲਦੀ ਦੇਖ ਕੇ ਜਸਬੀਰ ਸਿੰਘ ਦੀ ਪਤਨੀ ਸੁਰਜੀਤ ਕੌਰ ਆਪਣੇ ਪੁੱਤਰ ਵੱਲ ਦੌਡ਼ੀ, ਜੋ ਵੱਟ ਰਾਹੀਂ ਖੰਭੇ ਵੱਲ ਆ ਰਿਹਾ ਸੀ, ਜਦੋਂ ਸੁਰਜੀਤ ਕੌਰ ਤੇ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਖੰਭੇ ਤੋਂ ਕਰੀਬ 4-5 ਫੁੱਟ ਦੀ ਦੂਰੀ ’ਤੇ ਸਨ ਤਾਂ ਖੇਤਾਂ ਵਿਚ ਆਉਂਦੇ ਕਰੰਟ ਦੀ ਲਪੇਟ ਵਿਚ ਆ ਗਏ, ਜਿਸ ਨਾਲ ਕਰੰਟ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜੇ ਮਜ਼ਦੂਰਾਂ ਨੂੰ ਵੀ ਜ਼ਬਰਦਸਤ ਝਟਕਾ ਲੱਗਾ ਤੇ ਉਹ ਜਾਨ ਬਚਾ ਕੇ ਖੇਤਾਂ ’ਚੋਂ ਬਾਹਰ ਭੱਜੇ। ਉਸ ਵਕਤ ਖੇਤਾਂ ਵਿਚ ਹੀ ਮੌਜੂਦ ਨੰਬਰਦਾਰ ਸਤਨਾਮ ਸਿੰਘ ਨੇ ਪਾਵਰ ਹਾਊਸ ਦੇ ਨੰਬਰ ’ਤੇ ਫੋਨ ਕਰ ਕੇ ਬਿਜਲੀ ਸਪਲਾਈ ਬੰਦ ਕਰਵਾਉਣੀ ਚਾਹੀ ਪਰ ਪਾਵਰ ਹਾਊਸ ਦਾ ਨੰਬਰ ਬੰਦ ਆ ਰਿਹਾ ਸੀ। ਸਤਨਾਮ ਸਿੰਘ ਨੇ ਕਿਸੇ ਹੋਰ ਮੁਲਾਜ਼ਮ ਨੂੰ ਫੋਨ ਕਰ ਕੇ ਬਿਜਲੀ ਦੀ ਸਪਲਾਈ ਬੰਦ ਕਰਵਾਈ ਪਰ ਤਦ ਤੱਕ ਹੋਣੀ ਵਰਤ ਚੁੱਕੀ ਸੀ।
ਘਟਨਾ ਸਥਾਨ ’ਤੇ ਇਕੱਤਰ ਹੋਏ ਨੰਬਰਦਾਰ ਭੁਪਿੰਦਰ ਸਿੰਘ, ਬਲਜੀਤ ਸਿੰਘ, ਮੱਸਾ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ, ਬੀਰ ਸਿੰਘ, ਨਿਸ਼ਾਨ ਸਿੰਘ, ਪੂਰਨ ਸਿੰਘ ਆਦਿ ਨੇ ਪਾਵਰਕਾਮ ’ਤੇ ਦੋਸ਼ ਲਾਉਂਦਿਅਾਂ ਕਿਹਾ ਕਿ ਬਿਜਲੀ ਸਪਲਾਈ ਲਈ ਕੱਢੀਅਾਂ ਲਾਈਨਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਪਾਵਰਕਾਮ ਦੇ ਕਰਮਚਾਰੀਆਂ ਨੂੰ ਵਾਰ-ਵਾਰ ਕਹਿਣ ’ਤੇ ਵੀ ਇਸ ਦਾ ਕੋਈ ਹੱਲ ਨਹੀਂ ਹੁੰਦਾ।
ਕੀ ਕਹਿੰਦੇ ਹਨ ਐੱਸ. ਡੀ. ਓ. ਪਾਵਰਕਾਮ- ਇਸ ਸਬੰਧੀ ਜਦੋਂ ਐੱਸ. ਡੀ. ਓ. ਰਮਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਨ ਇੰਸੀਲੇਟਰ ਸ਼ਾਰਟ ਹੋਣ ਕਾਰਨ ਤਾਰ ਐਂਗਲ ’ਤੇ ਡਿੱਗ ਪਈ ਤੇ ਇਸ ਨਾਲ ਖੰਭੇ ਵਿਚ ਕਰੰਟ ਆ ਗਿਆ, ਜਿਸ ਕਰ ਕੇ ਇਹ ਦੁਖਦਾਈ ਹਾਦਸਾ ਵਾਪਰਿਆ। ਜਦੋਂ ਉਨ੍ਹਾਂ ਨੂੰ ਪਾਵਰ ਹਾਉੂਸ ਕਰਮਚਾਰੀਆਂ ਵੱਲੋਂ ਫੋਨ ਨਾ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ।
ਘਟਨਾ ਸਥਾਨ ’ਤੇ ਨਹੀਂ ਪੁੱਜੀ ਪੁਲਸ- ਜ਼ਿਕਰਯੋਗ ਹੈ ਕਿ ਹਾਦਸੇ ’ਚ 2 ਵਿਅਕਤੀਅਾਂ ਦੀ ਮੌਤ ਹੋਣ ਜਾਣ ਦੇ ਬਾਵਜੂਦ ਤੇ 2 ਘੰਟੇ ਬੀਤਣ ਤੋਂ ਬਾਅਦ ਵੀ ਸਥਾਨਕ ਪੁਲਸ ਵਿਭਾਗ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ, ਜਿਸ ਕਰ ਕੇ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।